ਪਟਿਆਲਾ : ਜ਼ਿਲ੍ਹੇ ਵਿੱਚ ਸੜਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਟ੍ਰੈਫਿਕ ਪੁਲਿਸ ਅਤੇ ਹੋਰ ਵਿਭਾਗਾਂ ਤੋਂ ਸ਼ਹਿਰ ਦੇ ਮੁੱਖ ਟ੍ਰੈਫਿਕ ਪੁਆਇੰਟਾਂ ਜਿਵੇਂ ਖੰਡਾ ਚੌਂਕ, ਨਿਊ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ, ਕੋਹਲੀ ਸਵੀਟ, ਗੁੜ ਮੰਡੀ, ਗਗਨ ਚੌਂਕ, ਖਾਲਸਾ ਕਾਲਜ, ਰਾਜਪੁਰਾ ਅਤੇ ਨਾਭਾ ਖੇਤਰਾਂ ਦੀ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਡਿਪਟੀ ਕਮਿਸ਼ਨਰ ਨੇ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲਾਂ, ਕਾਲਜਾਂ, ਬੈਂਕਾਂ ਅਤੇ ਹੋਰ ਸੰਸਥਾਵਾਂ ਨੂੰ ਆਪਣੀ ਪਾਰਕਿੰਗ ਦੀ ਵਿਵਸਥਾ ਆਪਣੇ ਪੱਧਰ 'ਤੇ ਕਰਨੀ ਹੋਵੇਗੀ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਦਿਆਂ ਉਨ੍ਹਾਂ ਚੇਤਾਵਨੀ ਦਿੱਤੀ ਕਿ ਜਿਹੜੀਆਂ ਸੰਸਥਾਵਾਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਨਗੀਆਂ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਲੋੜ ਪੈਣ ‘ਤੇ ਪ੍ਰਾਪਰਟੀ ਜਬਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਬੱਚਿਆਂ ਵੱਲੋਂ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਅਤੇ ਬਿਨਾਂ ਲਾਇਸੈਂਸ ਵਾਹਨ ਸੜਕਾਂ ‘ਤੇ ਲਿਆਂਦੇ ਜਾਣ ਦੇ ਮਾਮਲੇ ਵੀ ਮੀਟਿੰਗ ਵਿੱਚ ਗੰਭੀਰਤਾ ਨਾਲ ਚਰਚਾ ਵਿੱਚ ਆਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੰਵੇਦਨਸ਼ੀਲ ਥਾਵਾਂ ‘ਤੇ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਹਨ। ਅੰਤ ਵਿਚ ਡਿਪਟੀ ਕਮਿਸ਼ਨਰ ਨੇ ਅਗਲੇ ਛੇ ਮਹੀਨਿਆਂ ' ਚ ਜਿਲ੍ਹੇ ਦੇ ਬਲੈਕ ਸਪੋਟ ਘਟਾਉਣ ਲਈ ਸਾਰੇ ਵਿਭਾਗਾਂ ਨੂੰ ਜ਼ੋਰ ਲਾਉਣ ਦੇ ਨਿਰਦੇਸ਼ ਦਿੱਤੇ ਅਤੇ ਜੇਕਰ ਕੋਈ ਐਕਸੀਡੈਂਟ ਹੁੰਦਾ ਹੈ ਤਾਂ ਸਬੰਧਤ ਵਿਭਾਗ ਦੀ ਜਿੰਮੇਵਾਰੀ ਫਿਕਸ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਏ ਡੀ ਸੀ ਨਵਰੀਤ ਕੌਰ ਸੇਖੋਂ, ਜੁਆਇੰਟ ਕਮਿਸ਼ਨਰ ਨਗਰ ਨਿਗਮ ਮਨਰੀਤ ਰਾਣਾ, ਆਰ ਟੀ ਓ ਡਾ ਪੂਨਮਪ੍ਰੀਤ ਕੌਰ , ਏ ਟੀ ਓ ਮਨਜੋਤ ਸਿੰਘ, ਐਸ ਪੀ ਟ੍ਰੈਫਿਕ ਐੱਚ ਐਸ ਮਾਨ,ਡੀ ਐੱਸ ਪੀ ਟ੍ਰੈਫਿਕ ਪੁਨੀਤ ਸਿੰਘ ਚਾਹਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੋਜੂਦ ਸਨ।