ਅੰਮ੍ਰਿਤਸਰ : ਸ਼ਹੀਦਾਂ ਸਾਹਿਬ ਨਜ਼ਦੀਕ ਕਰੋੜੀ ਚੌਂਕ ਇਲਾਕੇ ਵਿੱਚ ਇੱਕ ਬੰਦ ਗਲੀ ਵਿੱਚੋਂ ਦਰਵਾਜ਼ਾ ਕੱਢਣ ਦੇ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹਿੰਸਕ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਇੱਕ ਧਿਰ ਦੇ ਵਿਅਕਤੀ ਵੱਲੋਂ ਆਪਣੇ ਬਚਾਅ (ਸਵੈ-ਰੱਖਿਆ) ਲਈ ਹਵਾ ਵਿੱਚ ਫਾਇਰ ਕਰਨ ਦੀ ਗੱਲ ਕਹੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਧਿਰ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਵਿਵਾਦਿਤ ਕੰਧ ਕਰੀਬ 100 ਸਾਲ ਪੁਰਾਣੀ ਹੈ ਅਤੇ ਹਮੇਸ਼ਾ ਤੋਂ ਬੰਦ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਹਮਣੇ ਵਾਲੀ ਧਿਰ ਨੇ ਹਾਲ ਹੀ ਵਿੱਚ ਇੱਥੇ ਇੱਕ ਮਕਾਨ ਖਰੀਦਿਆ ਹੈ ਅਤੇ ਉਹ ਨਿਯਮਾਂ ਦੇ ਉਲਟ ਜਾ ਕੇ ਇਸ ਸਾਂਝੀ ਕੰਧ ਨੂੰ ਤੋੜ ਕੇ ਗਲੀ ਵੱਲ ਦਰਵਾਜ਼ਾ ਕੱਢਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਵੀ ਮੌਕੇ ਦਾ ਦੌਰਾ ਕਰਕੇ ਕੰਧ ਨਾ ਤੋੜਨ ਦੀ ਹਦਾਇਤ ਦਿੱਤੀ ਸੀ। ਪਰਿਵਾਰ ਦਾ ਦਾਅਵਾ ਹੈ ਕਿ ਬੀਤੇ ਦਿਨ ਦੂਜੇ ਪੱਖ ਵੱਲੋਂ ਕੁਝ ਨਿਹੰਗ ਸਿੰਘਾਂ ਸਮੇਤ 14-15 ਹਥਿਆਰਬੰਦ ਵਿਅਕਤੀਆਂ ਨੂੰ ਬੁਲਾ ਕੇ ਮੁੜ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਨ੍ਹਾਂ ਨੇ ਵਿਰੋਧ ਕੀਤਾ ਤਾਂ ਧੱਕਾ-ਮੁੱਕੀ ਹੋਈ। ਇਸ ਦੌਰਾਨ ਖ਼ੁਦ ਨੂੰ ਘਿਰਿਆ ਦੇਖ ਕੇ ਇੱਕ ਵਿਅਕਤੀ ਨੇ ਸਵੈ-ਰੱਖਿਆ ਲਈ ਹਵਾ ਵਿੱਚ ਫਾਇਰ ਕੀਤਾ ਤਾਂ ਜੋ ਹਮਲਾਵਰਾਂ ਨੂੰ ਦੂਰ ਰੱਖਿਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਨਿਸ਼ਾਨਾ ਬਣਾ ਕੇ ਗੋਲੀ ਨਹੀਂ ਚਲਾਈ ਗਈ।
ਦੂਜੇ ਪਾਸੇ ਕਮਲਦੀਪ ਸਿੰਘ ਨਾਮਕ ਨੌਜਵਾਨ ਨੇ ਕਿਹਾ ਕਿ ਮਾਮਲਾ ਗੱਲਬਾਤ ਨਾਲ ਸੁਲਝਾਇਆ ਜਾ ਸਕਦਾ ਸੀ ਪਰ ਦੂਜੀ ਧਿਰ ਵੱਲੋਂ ਤਣਾਅ ਵਧਾਇਆ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਕਾਨੂੰਨੀ ਕਾਰਵਾਈ ਹੋਵੇਗੀ: ਥਾਣਾ ਬੀ ਡਿਵੀਜ਼ਨ ਦੇ ਐਸਐਚਓ ਬਲਜਿੰਦਰ ਸਿੰਘ ਔਲਖ ਨੇ ਦੱਸਿਆ ਕਿ ਫਾਇਰਿੰਗ ਦੀ ਸੂਚਨਾ ਤੋਂ ਬਾਅਦ ਪੁਲਿਸ ਤੁਰੰਤ ਹਰਕਤ ਵਿੱਚ ਆਈ ਹੈ। ਦੋਵਾਂ ਧਿਰਾਂ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੀਸੀਟੀਵੀ ਫੁਟੇਜ ਅਤੇ ਤੱਥਾਂ ਦੀ ਜਾਂਚ ਤੋਂ ਬਾਅਦ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।