ਦੇਵੀਗੜ੍ਹ : ਡਾ. ਬੀ.ਐੱਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ (ਜੁਲਾਹ ਖੇੜੀ) ਵੱਲੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਂਦਿਆਂ ਇੱਕ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ। ਇਹ ਮੁਹਿੰਮ "ਸੁੱਚਤਾ ਦਾ ਦੀਵਾ ਜਗਾਈਏ, ਹਰ ਪਿੰਡ ਨੂੰ ਚਮਕਾਈਏ" ਅਤੇ "ਪਿੰਡ ਦੀ ਰੌਣਕ ਸਫ਼ਾਈ ਨਾਲ" ਵਰਗੇ ਪ੍ਰੇਰਨਾਦਾਇਕ ਨਾਅਰਿਆਂ ਹੇਠ ਨੇੜਲੇ ਪਿੰਡ ਮਹਿਮੂਦਪੁਰ ਵਿਖੇ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਪਿੰਡ ਮਹਿਮੂਦਪੁਰ ਦੇ ਗੁਰਦੁਆਰਾ ਸਾਹਿਬ ਦੇ ਬਾਹਰੋਂ ਕੀਤੀ ਗਈ। ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ਼ ਨੇ ਬੜੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਦੀ ਸਫ਼ਾਈ ਕੀਤੀ। ਇਸ ਉਪਰਾਲੇ ਦੇ ਤਹਿਤ ਵਿਦਿਆਰਥੀਆਂ ਨੇ ਇੱਕ ਨਿਵੇਕਲੀ ਪਹਿਲ ਕਰਦਿਆਂ ਉੱਥੋਂ ਦੀਆਂ ਕੰਧਾਂ ਨੂੰ ਸੁੰਦਰ ਚਿੱਟੇ (ਸਫ਼ੈਦ) ਰੰਗ ਨਾਲ ਪੇਂਟ ਵੀ ਕੀਤਾ, ਜਿਸ ਨਾਲ ਪੂਰਾ ਆਲਾ-ਦੁਆਲਾ ਨਿਖਰ ਉੱਠਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਹੱਥਾਂ ਵਿੱਚ ਸਲੋਗਨ ਫੜ ਕੇ ਪਿੰਡ ਵਾਸੀਆਂ ਨੂੰ ਸਫ਼ਾਈ ਰੱਖਣ ਅਤੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ। ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਦੱਸਿਆ ਕਿ ਸੁੱਚਤਾ ਦਾ ਦੀਵਾ ਜਗਾ ਕੇ ਹਰ ਪਿੰਡ ਨੂੰ ਚਮਕਾਉਣ ਦਾ ਜੋ ਬੀੜਾ ਬੱਚਿਆਂ ਨੇ ਚੁੱਕਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਅਤੇ ਕੰਧਾਂ ਨੂੰ ਖ਼ੂਬਸੂਰਤ ਰੂਪ ਦੇਣ ਲਈ ਸਮੂਹ ਸਟਾਫ਼ ਅਤੇ ਮਿਹਨਤੀ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ |