ਅੰਮ੍ਰਿਤਸਰ : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਸ਼ਬਦ ਗੁਰੂ ਦੇ ਰੁਹਾਨੀ ਰੁਤਬੇ ਦੇ ਸਿਧਾਂਤ ਅਤੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਕਮੇਟੀ ਮੰਗ ਕਰਦੀ ਹੈ ਕਿ ਇਸਨੂੰ ਤੁਰੰਤ ਮੁੱਢੋਂ ਰੱਦ ਕੀਤਾ ਜਾਵੇ। ਕਮੇਟੀ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ ਅਤੇ ਡਾ ਸੁਖਦੇਵ ਸਿੰਘ ਬਾਬਾ ਨੇ ਸਿੱਖ ਸੰਗਤਾਂ ਨੂੰ ਅਗਾਹ ਕੀਤਾ ਕਿ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸ਼ਬਦ ਗੁਰੂ ਨੂੰ ਦੁਨੀਆਵੀ ਕਾਨੂੰਨ ਦੇ ਘੇਰੇ ਵਿੱਚ ਲਿਆਉਣ ਜੂਨ 1984 ਦੇ ਫ਼ੌਜੀ ਹਮਲੇ ਤੋਂ ਵੀ ਜ਼ਿਆਦਾ ਘਾਤਕ ਹੈ। ਕਮੇਟੀ ਨੇ ਦੋਸ਼ ਲਗਾਇਆ ਕਿ ਕੇਂਦਰ ਵਿੱਚ 2014 ‘ਚ ਸੱਤਾ ਬਦਲਣ ਦੇ ਬਾਅਦ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਨਹੀਂ ਬਲਕਿ ਹਮਲੇ ਦੀ ਘਟਨਾਵਾਂ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ ਜੋ ਇੱਕ ਸੋਚੀ ਸਮਝੀ ਸਾਜਿਸ਼ ਦਾ ਹਿੱਸਾ ਹੈ।ਸ਼ਬਦ ਗੁਰੂ ਸਿੱਖਾਂ ਲਈ ਆਤਮਿਕ ਸ਼ਕਤੀ ਅਤੇ ਜੀਵਨ ਜੁਗਤ ਦਾ ਪ੍ਰੇਰਨਾ ਸਰੋਤ ਹੈ। ਇਸਤੋਂ ਰੱਬੀ ਤਾਕਤ ਲੈ ਕੇ ਸਿੱਖ ਵਿਰੋਧੀਆਂ ਨੂੰ ਸਹਿਜੇ ਹੀ ਵੰਗਾਰ ਲੈਦਾਂ ਹੈ। ਹਵਾਰਾ ਕਮੇਟੀ ਨੇ ਦੁੱਖ ਪ੍ਰਗਟਾਇਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਹੋ ਰਹੇ ਹਮਲਿਆਂ ਬਾਰੇ ਸਿਵਾਏ ਨਿੰਦਾ ਦੇ ਕੁਝ ਵੀ ਸਾਰਥਕ ਨਹੀਂ ਕਰ ਸਕੀ। ਚਾਹੀਦਾ ਤਾਂ ਇਹ ਸੀ ਕਿ ਉੱਚ ਪੱਧਰੀ ਪੜਤਾਲੀਆ ਕਮੀਸ਼ਨ ਬਣਾਕੇ ਨਿਰਪੱਖ ਜਾਂਚ ਕਰਵਾਉਂਦੀ ਪਰ ਇਕ ਸਿਆਸੀ ਧਿਰ ਨਾਲ ਜੁੜੇ ਹੋਣ ਕਰਕੇ ਆਪਣਾ ਫਰਜ਼ ਨਹੀਂ ਨਿਭਾ ਸਕੀ। ਹਵਾਰਾ ਕਮੇਟੀ ਦੇ ਬਲਦੇਵ ਸਿੰਘ ਨਵਾਂ ਪਿੰਡ, ਐਡਵੋਕੇਟ ਜਸਬੀਰ ਸਿੰਘ ਜੰਮੂ, ਜਸਬੀਰ ਸਿੰਘ ਖਾਲਸਾ, ਸਤਜੋਤ ਸਿੰਘ ਮੂਧਲ ਅਤੇ ਬਲਵਿੰਦਰ ਸਿੰਘ ਸਾਂਘਣਾ ਨੇ ਸਮੂਹ ਸਿੱਖਾਂ ਨੂੰ ਅਪੀਲ ਕੀਤੀ ਇਸ ਕਾਨੂੰਨ ਨੂੰ ਰੱਦ ਕਰਵਾਉਣ ਲਈ ਆਵਾਜ ਬੁਲੰਦ ਕਰਨ।