ਅੰਮ੍ਰਿਤਸਰ : ਪੰਜਾਬੀਆਂ ਲਈ ਬੇਹੱਦ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਖੇੜਾ ਨਾਲ ਸਬੰਧਤ ਪੰਜਾਬ ਦੀ ਧੀ ਪ੍ਰੀਤ ਕੌਰ ਗਿੱਲ ਨੇ ਬਰਤਾਨੀਆ (ਇੰਗਲੈਂਡ) ਦੀ ਰਾਜਨੀਤੀ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ। ਲੇਬਰ ਪਾਰਟੀ ਦੀ ਸੀਨੀਅਰ ਆਗੂ ਪ੍ਰੀਤ ਕੌਰ ਗਿੱਲ ਨੂੰ ਇੰਗਲੈਂਡ ਦੀ ਨਵੀਂ ਸਰਕਾਰ ਵਿੱਚ ਜੂਨੀਅਰ ਸਿਹਤ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਵੱਡੀ ਪ੍ਰਾਪਤੀ ਨਾਲ ਉਨ੍ਹਾਂ ਨੇ ਨਾ ਸਿਰਫ਼ ਆਪਣੇ ਪਿੰਡ ਖੇੜਾ ਅਤੇ ਜਲੰਧਰ ਦਾ, ਬਲਕਿ ਪੂਰੇ ਪੰਜਾਬ ਅਤੇ ਸਿੱਖ ਕੌਮ ਦਾ ਨਾਮ ਕੌਮਾਂਤਰੀ ਪੱਧਰ 'ਤੇ ਰੌਸ਼ਨ ਕੀਤਾ ਹੈ। ਗੌਰਤਲਬ ਹੈ ਕਿ ਪ੍ਰੀਤ ਕੌਰ ਗਿੱਲ ਲਗਾਤਾਰ ਤੀਜੀ ਵਾਰ ਇੰਗਲੈਂਡ ਦੀ ਸੰਸਦ (ਪਾਰਲੀਮੈਂਟ) ਦੇ ਮੈਂਬਰ ਵਜੋਂ ਚੁਣੇ ਗਏ ਹਨ। ਉਨ੍ਹਾਂ ਦੇ ਨਾਂ ਇੰਗਲੈਂਡ ਦੀ ਪਹਿਲੀ ਸਿੱਖ ਮਹਿਲਾ ਐਮਪੀ (MP) ਹੋਣ ਦਾ ਇਤਿਹਾਸਕ ਮਾਣ ਵੀ ਦਰਜ ਹੈ। ਲੇਬਰ ਪਾਰਟੀ ਵੱਲੋਂ ਉਨ੍ਹਾਂ ਦੀਆਂ ਅਣਥੱਕ ਸੇਵਾਵਾਂ ਅਤੇ ਸਿਆਸੀ ਸੂਝ-ਬੂਝ ਨੂੰ ਦੇਖਦੇ ਹੋਏ ਇਸ ਵਾਰ ਇਹ ਵੱਡੀ ਅਤੇ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਮਾਣਮੱਤੀ ਪ੍ਰਾਪਤੀ: ਜੂਨੀਅਰ ਸਿਹਤ ਮੰਤਰੀ ਵਜੋਂ ਪ੍ਰੀਤ ਕੌਰ ਗਿੱਲ ਦੀ ਨਿਯੁਕਤੀ ਨਾਲ ਵਿਦੇਸ਼ਾਂ ਵਿੱਚ ਵਸਦੇ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਜਲੰਧਰ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਖੇੜਾ ਵਿੱਚ ਵੀ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਆਪਣੀ ਇਸ ਨਵੀਂ ਜ਼ਿੰਮੇਵਾਰੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਪ੍ਰੀਤ ਕੌਰ ਗਿੱਲ ਨੇ ਪਾਰਟੀ ਲੀਡਰਸ਼ਿਪ ਅਤੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸਿਹਤ ਖੇਤਰ ਵਿੱਚ ਸੁਧਾਰ ਲਿਆਉਣ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।