ਨਵਾਂਸ਼ਹਿਰ : ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਨੇ ਇੱਕ ਸਰਕਾਰੀ ਲਾਈਨਮੈਨ ਨੂੰ ਜ਼ਖ਼ਮੀ ਕਰਕੇ ਉਸ ਕੋਲੋਂ ਨਕਦੀ ਖੋਹਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਪੀੜਤ ਸਰਦਾਰਾ ਸਿੰਘ ਪੁੱਤਰ ਗਰੀਬ ਦਾਸ, ਵਾਸੀ ਰਾਮ ਰਾਏਪੁਰ ਦੇ ਬਿਆਨਾਂ 'ਤੇ ਕੀਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਸਰਦਾਰਾ ਸਿੰਘ, ਜੋ ਕਿ ਪਾਵਰਕਾਮ ਵਿੱਚ ਬਤੌਰ ਲਾਈਨਮੈਨ ਤਾਇਨਾਤ ਹੈ, ਨੇ ਦੱਸਿਆ ਕਿ 15 ਮਈ ਦੀ ਰਾਤ ਕਰੀਬ 9:15 ਵਜੇ ਉਹ ਰਾਹੋਂ ਤੋਂ ਆਪਣੀ ਡਿਊਟੀ ਕਰਕੇ ਮੋਟਰਸਾਈਕਲ 'ਤੇ ਪਿੰਡ ਰਾਮ ਰਾਏਪੁਰ ਜਾ ਰਿਹਾ ਸੀ। ਜਦੋਂ ਉਹ ਸ਼ਹਿਬਾਜ਼ਪੁਰ ਨਹਿਰ ਦੇ ਪੁਲ ਤੋਂ ਅੱਗੇ ਰਾਮ ਰਾਏਪੁਰ ਮੋੜ ਕੋਲ ਪਹੁੰਚਿਆ, ਤਾਂ ਪਿੱਛੇ ਤੋਂ ਇੱਕ ਮੋਟਰਸਾਈਕਲ 'ਤੇ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਚਲਦੇ ਮੋਟਰਸਾਈਕਲ ਵਿੱਚ ਜ਼ੋਰਦਾਰ ਲੱਤ ਮਾਰੀ, ਜਿਸ ਕਾਰਨ ਉਹ ਸੜਕ 'ਤੇ ਡਿੱਗ ਪਿਆ। ਸਰਦਾਰਾ ਸਿੰਘ ਅਨੁਸਾਰ, ਮੋਟਰਸਾਈਕਲ ਦੇ ਪਿੱਛੇ ਬੈਠੇ ਨੌਜਵਾਨ ਨੇ ਹੱਥ ਵਿੱਚ ਕਿਰਪਾਨ ਫੜੀ ਹੋਈ ਸੀ। ਲੁਟੇਰਿਆਂ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਦੀ ਕਮੀਜ਼ ਦੀ ਜੇਬ ਵਿੱਚੋਂ 2500 ਰੁਪਏ ਦੀ ਨਕਦੀ ਅਤੇ ਅਧਾਰ ਕਾਰਡ ਦੀ ਫੋਟੋ ਕਾਪੀ ਧੱਕੇ ਨਾਲ ਕੱਢ ਲਈ। ਵਾਰਦਾਤ ਤੋਂ ਬਾਅਦ ਮੁਲਜ਼ਮ ਲੰਗੜੋਆ ਸਾਈਡ ਵੱਲ ਫ਼ਰਾਰ ਹੋ ਗਏ। ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਰਦਾਰਾ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਦੋਸੀਆ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਥਾਣਾ ਸਦਰ ਨਵਾਂਸ਼ਹਿਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।