ਅੰਮ੍ਰਿਤਸਰ : ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵਿਖੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਜੀ ਦੀ ਅਗਵਾਈ ਵਿੱਚ ਕਾਲਜਾਂ ਦੇ ਸਟਾਫ਼ ਸਕੱਤਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਪਿਛਲੇ 3-4 ਸਾਲਾਂ ਦੌਰਾਨ ਵਿਦਿਅਕ ਸੰਸਥਾਵਾਂ ਵਿੱਚ ਆਏ ਸੁਧਾਰਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਪਰਤੇ ਸਟਾਫ਼ ਸਕੱਤਰ ਡਾ. ਗੁਰਜੰਟ ਸਿੰਘ ਨੇ, ਡਾ. ਕੁਲਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ, ਸਮੂਹ ਸਟਾਫ਼ ਨੂੰ ਮੀਟਿੰਗ ਦੇ ਵੇਰਵਿਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਦੌਰਾਨ ਸਮੂਹ ਸਟਾਫ਼ ਨੇ ਵੀ ਇੱਕਸੁਰ ਹੋ ਕੇ ਹਾਮੀ ਭਰੀ ਕਿ ਪਿਛਲੇ ਕੁਝ ਸਾਲਾਂ ਵਿੱਚ ਅਦਾਰਿਆਂ ਦੇ ਇਨਫਰਾਸਟਰਕਚਰ (ਢਾਂਚੇ), ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਸਬੰਧਤ ਮਸਲਿਆਂ ਵਿੱਚ ਬਹੁਤ ਵੱਡਾ ਸੁਧਾਰ ਆਇਆ ਹੈ, ਜਿਸ ਸਦਕਾ ਸਮੂਹ ਵਿਦਿਅਕ ਅਦਾਰੇ ਚੜ੍ਹਦੀ ਕਲਾ ਵਿੱਚ ਹਨ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ ਦੀ ਉਚੇਰੀ ਸੋਚ ਅਤੇ ਅਣਥੱਕ ਮਿਹਨਤ ਸਦਕਾ ਸਕੂਲਾਂ-ਕਾਲਜਾਂ ਨੂੰ ਸਮੇਂ ਦੇ ਹਾਣੀ ਬਣਾਇਆ ਗਿਆ ਹੈ। ਵਿਦਿਆਰਥੀਆਂ ਲਈ ਸਮਾਰਟ ਰੂਮ ਅਤੇ ਆਈ.ਸੀ.ਟੀ. ਲੈਬਾਂ ਵਰਗੀਆਂ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਰੁਜ਼ਗਾਰ ਦੇ ਕਾਬਿਲ ਬਣਾਉਣ ਲਈ ਵਿਸ਼ੇਸ਼ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਉੱਚ ਅਹੁਦਿਆਂ ਦੀ ਤਿਆਰੀ ਲਈ 'ਨਿਸਚੈ ਅਕੈਡਮੀ' ਰਾਹੀਂ ਮੁਫ਼ਤ ਕੋਚਿੰਗ ਦਾ ਸ਼ਲਾਘਾਯੋਗ ਪ੍ਰਬੰਧ ਵੀ ਕੀਤਾ ਗਿਆ ਹੈ।