ਅੰਮ੍ਰਿਤਸਰ : ਭਾਸ਼ਾ ਵਿਭਾਗ, ਪੰਜਾਬ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹੈ। ਇਸ ਉਦੇਸ਼ ਤਹਿਤ ਪੰਜਾਬ ਸਰਕਾਰ ਅਤੇ ਨਿਰਦੇਸ਼ਕ ਭਾਸ਼ਾ ਵਿਭਾਗ, ਪੰਜਾਬ ਸ. ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਪੁਸਤਕ ਸੱਭਿਆਚਾਰ ਨੂੰ ਵਿਕਸਿਤ ਕਰਨ ਲਈ ਪੁਸਤਕ ਮੈਚਿੰਗ ਗ੍ਰਾਂਟ ਤਹਿਤ ਸਕੂਲਾਂ, ਕਾਲਜਾਂ ਅਤੇ ਪੇਂਡੂ ਲਾਇਬਰੇਰੀਆਂ ਲਈ ਮੁਫ਼ਤ ਪੁਸਤਕਾਂ ਦੇਣ ਸਬੰਧੀ ਵਿਸ਼ੇਸ਼ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਜਿੰਨੀ ਰਾਸ਼ੀ ਦੀਆਂ ਪੁਸਤਕਾਂ ਕੋਈ ਸੰਸਥਾ ਖਰੀਦੇਗੀ ਉਨੀ ਰਾਸ਼ੀ ਦੀਆਂ ਪੁਸਤਕਾਂ ਸੰਬੰਧਤ ਸੰਸਥਾਂ ਨੂੰ ਮੁਫਤ ਦਿੱਤੀਆਂ ਜਾਣਗੀਆਂ। ਡਾ. ਇੰਦਰਜੀਤ ਸਿੰਘ ਖੋਜ ਅਫ਼ਸਰ, ਜ਼ਿਲ੍ਹਾ ਭਾਸ਼ਾ ਦਫ਼ਤਰ, ਅੰਮ੍ਰਿਤਸਰ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਪਾਠਕਾਂ ਵਿੱਚ ਪੁਸਤਕਾਂ ਪ੍ਰਤੀ ਰੁਝਾਨ ਵਧਾਉਣ ਅਤੇ ਲਾਇਬ੍ਰੇਰੀਆਂ ਨੂੰ ਵਧੀਆ ਸਾਹਿਤ ਨਾਲ ਸੰਪੰਨ ਕਰਨਾ ਹੈ। ਇਸ ਪਹਿਲ ਨਾਲ ਪੇਂਡੂ ਖੇਤਰਾਂ ਦੀਆਂ ਲਾਇਬ੍ਰੇਰੀਆਂ ਨੂੰ ਖਾਸ ਤੌਰ ‘ਤੇ ਵੱਡਾ ਲਾਭ ਮਿਲੇਗਾ ਅਤੇ ਗਿਆਨ ਦੇ ਖਜ਼ਾਨੇ ਨੂੰ ਹੋਰ ਵਿਸਤਾਰ ਮਿਲੇਗਾ। ਉਹਨਾਂ ਵੱਲੋਂ ਜ਼ਿਲ੍ਹੇ ਦੀਆਂ ਵਿਦਿਅਕ ਸੰਸਥਾਵਾਂ ਅਤੇ ਪੇਂਡੂ ਲਾਇਬਰੇਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਦੀ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਪੁਸਤਕਾਂ ਖਰੀਦਣ ਦੀਆਂ ਚਾਹਵਾਨ ਸੰਸਥਾਵਾਂ ਆਪਣੇ ਲੈਟਰ ਪੈਡ `ਤੇ ਸੰਸਥਾ ਦੇ ਮੁਖੀ ਵੱਲੋਂ ਬੇਨਤੀ ਪੱਤਰ ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਕਮਰਾ ਨੰਬਰ 301, ਤੀਸਰੀ ਮੰਜ਼ਿਲ) ਵਿਖੇ ਦੇ ਸਕਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ,ਅੰਮ੍ਰਿਤਸਰ ਵਿੱਚ ਮਿਆਰੀ ਧਾਰਮਿਕ, ਸਾਹਿਤਿਕ ਅਤੇ ਇਤਿਹਾਸਿਕ ਪੁਸਤਕਾਂ ਉਪਲੱਬਧ ਹਨ, ਜਿਨ੍ਹਾਂ `ਤੇ ਵਿਸ਼ੇਸ਼ ਛੋਟ (500 ਰੁਪਏ ਤੱਕ ਦੀ ਖਰੀਦ ਉੱਪਰ 10 ਫ਼ੀਸਦੀ, 501 ਤੋਂ 1000 ਤੱਕ ਖਰੀਦ `ਤੇ 15 ਫੀਸਦੀ, 1001 ਤੋਂ 2000 ਤੱਕ ਦੀ ਖਰੀਦ ਉੱਪਰ 25 ਫੀਸਦੀ, 2001 ਤੋਂ 3000 ਤੱਕ ਦੀ ਖਰੀਦ ਤੇ 30 ਫੀਸਦੀ ਅਤੇ 3000 ਤੋਂ ਵੱਧ ਲਈ 40 ਫੀਸਦੀ ਤੱਕ) ਦਿੱਤੀ ਜਾਂਦੀ ਹੈ।