ਬਰਨਾਲਾ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਬਰਨਾਲਾ ਦੇ 9 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾਈ ਹੈ। ਮੈਰਿਟ ਲਿਸਟ ਵਿੱਚ ਆਏ ਸਾਰੇ ਵਿਦਿਆਰਥੀ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ ਜਿਹਨਾਂ ਵਿੱਚੋਂ 7 ਲੜਕੀਆਂ ਅਤੇ 2 ਲੜਕੇ ਹਨ। ਜ਼ਿਲ੍ਹਾ ਬਰਨਾਲਾ ਦੇ ਸਰਕਾਰੀ ਸਕੂਲਾਂ ਦੀ ਮਾਣਮੱਤੀ ਪ੍ਰਾਪਤੀ 'ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਹਰਪ੍ਰੀਤ ਸਿੰਘ ਨੇ ਬੱਚਿਆਂ, ਅਧਿਆਪਕਾਂ, ਪ੍ਰਿੰਸੀਪਲਾਂ ਤੇ ਸਿੱਖਿਆ ਵਿਭਾਗ ਨੂੰ ਮੁਬਾਰਕਬਾਦ ਦਿੱਤੀ।
ਜ਼ਿਲ੍ਹੇ ਦੇ ਮੈਰਿਟ ਸੂਚੀ ਸਥਾਨ ਬਣਾਉਣ ਵਾਲੇ ਬੱਚਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀ ਵਿਦਿਆਰਥਣ ਨਿਸ਼ਾ ਰਾਣੀ ਨੇ 500 ਵਿੱਚੋਂ 496 ਅੰਕ (99.20%) ਹਾਸਲ ਕਰਕੇ ਸੂਬੇ ਵਿੱਚੋਂ 5ਵਾਂ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਸ਼ਹਿਣਾ ਦੀ ਵਿਦਿਆਰਥਣ ਤਨਵੀਰ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਪੁਰਾ ਦੇ ਦਿਵਿਆਜੋਤ ਸਿੰਘ ਕਲੇਰ ਨੇ 491-491 ਅੰਕ (98.20% ) ਨਾਲ 10ਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੇ ਰਾਘਵ ਕੌਸ਼ਲ 488 ਅੰਕ (97.60%) ਨੇ 13ਵਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਸ਼ਹਿਣਾ ਦੀ ਜਸਮੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਬਰਨਾਲਾ ਦੀ ਮਹਿਕਪ੍ਰੀਤ ਕੌਰ ਨੇ 486-486 ਅੰਕ (97.20%) ਲੈ ਕੇ 15ਵਾਂ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਦੌੜ ਦੀਆਂ ਨਿਸ਼ੂ
ਅਤੇ ਰਿਪਨਪ੍ਰੀਤ ਕੌਰ ਦੋਵੇਂ 485-485 (97 ਫੀਸਦੀ) ਅੰਕ ਨਾਲ 16ਵੇਂ ਨੰਬਰ ’ਤੇ ਰਹੀਆਂ। ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਵਾਹੀ ਦੀ ਸੋਨੀਆ ਕੌਰ ਨੇ 484 ਅੰਕ (96.80%) ਨੇ ਮੈਰਿਟ ਲਿਸਟ ਵਿੱਚ ਆਪਣਾ ਨਾਮ ਬਣਾਇਆ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਸੁਨੀਤਇੰਦਰ ਸਿੰਘ, ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ, ਡਾਇਟ ਪ੍ਰਿੰਸੀਪਲ ਡਾਕਟਰ ਮੁਨੀਸ਼ ਮੋਹਨ ਸ਼ਰਮਾ, ਡੀਆਰਸੀ ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਅਕਾਦਮਿਕ ਸੁਪੋਰਟ ਗਰੁੱਪ ਦੇ ਮੈਂਬਰਾਂ ਵਲੋਂ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਗਈ।