ਪਾਤੜਾਂ : ਰੀਅਲ ਅਸਟੇਟ ਦੀ ਨਾਮੀ ਕੰਪਨੀ ਐਮਡੀਬੀ ਗਰੁੱਪ ਵੱਲੋਂ ਸ਼ਹਿਰ ਦੇ ਜਾਖਲ ਰੋਡ ਉੱਤੇ ਨਵੇਂ ਸ਼ੁਰੂ ਕੀਤੇ ਗਏ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰਨ ਲਈ ਤਿੰਨ ਰੋਜ਼ਾ ਕੀਤੇ ਜਾ ਰਹੇ ਧਾਰਮਿਕ ਪ੍ਰੋਗਰਾਮ ਦੌਰਾਨ ਕਥਾ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਬਾਂਸਲ ਅਤੇ ਪੰਕਜ ਬਾਂਸਲ ਅਤੇ ਸ਼ੰਮੀ ਬਾਂਸਲ ਦੀ ਦੇਖਰੇਖ ਹੇਠ ਕੀਤੇ ਜਾ ਰਹੇ ਇਸ ਸਮਾਗਮ ਦੌਰਾਨ ਸੁ ਪ੍ਰਸਿੱਧ ਭਜਨ ਸਮਰਾਟ ਬਾਬਾ ਸ਼੍ਰੀ ਚਿੱਤਰ ਵਿਚੱਤਰ ਬਿਹਾਰੀ ਦਾਸ ਜੀ ਮਹਾਰਾਜ ਵੱਲੋਂ ਸ੍ਰੀ ਭਗਤ ਮਾਲ ਕਥਾ ਕੀਤੀ ਗਈ। ਇਸ ਦੌਰਾਨ ਉਹਨਾਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਵਿੱਚ ਰੱਬ ਦੀ ਭਗਤੀ ਦਾ ਸਭ ਤੋਂ ਅਹਿਮ ਸਥਾਨ ਹੈ ਇਸ ਤੋਂ ਬਿਨਾਂ ਨਾ ਤਾਂ ਮਨੁੱਖ ਚੰਗਾ ਖੁਸ਼ਹਾਲ ਜੀਵਨ ਜੀਅ ਸਕਦਾ ਹੈ ਅਤੇ ਨਾ ਹੀ ਖੁਸ਼ ਰਹਿ ਸਕਦਾ ਹੈ। ਜੀਵਨ ਵਿੱਚ ਮਿਲਦੀ ਤਰੱਕੀ ਮਨੁੱਖ ਦੇ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਹੁੰਦਾ ਹੈ, ਇਸੇ ਤਰ੍ਹਾਂ ਇਨਸਾਨ ਨੂੰ ਮਿਲੇ ਮਨੁੱਖੀ ਜਾਮੇ ਵਿੱਚ ਪ੍ਰਭੂ ਦੇ ਨਾਮ ਦੀ ਭਗਤੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਇਸ ਜਨਮ ਵਿੱਚ ਕੀਤੇ ਚੰਗੇ ਕੰਮ ਹੀ ਮਨੁੱਖ ਨੂੰ ਅਗਲੇ ਜਨਮ ਵਿੱਚ ਸਹਾਈ ਹੁੰਦੇ ਹਨ। ਇਸ ਦੌਰਾਨ ਜਾਣਕਾਰੀ ਦਿੰਦਿਆਂ ਐਮਡੀ ਪੰਕਜ ਬਾਂਸਲ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਐਮਡੀਬੀ ਵੱਲੋਂ ਤਿਆਰ ਕੀਤੇ ਗਏ 250 ਤੋਂ ਵੱਧ ਨਾਮੀ ਕੰਪਨੀਆਂ ਵੱਲੋਂ ਆਪਣੇ ਸ਼ੋਰੂਮ ਖੋਲੇ ਜਾਣਗੇ। ਆਪਣੀ ਕਿਸਮ ਦੇ ਇਸ ਵਿਲੱਖਣ ਪ੍ਰੋਜੈਕਟ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਜਿੱਥੇ ਪ੍ਰਬੰਧ ਕੀਤੇ ਗਏ ਹਨ ਉੱਥੇ ਇਸ ਜਗ੍ਹਾ ਉੱਤੇ ਕੀਤੇ ਗਏ ਪ੍ਰਬੰਧ ਲੋਕਾਂ ਦਾ ਮਾਣ ਮੋਹਣਗੇ।