ਕੋਟਕਪੂਰਾ : ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਜ਼ਿਲ੍ਹਾ ਫਰੀਦਕੋਟ ਅਧੀਨ ਨਗਰ ਕੌਂਸਲ ਫਰੀਦਕੋਟ ਕੋਟਕਪੂਰਾ ਅਤੇ ਜੈਤੋ ਦੀਆਂ ਚੋਣਾਂ ਮਿਤੀ 26 ਮਈ 2026 ਨੂੰ ਕਰਵਾਈਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਰੀਦਕੋਟ ਕਮ ਜਿਲ੍ਹਾ ਚੋਣ ਅਫਸਰ ਰਾਹੁਲ ਚਾਬਾ ਨੇ ਦੱਸਿਆ ਕਿ ਚੋਣਾਂ ਨੂੰ ਸੁਚੱਜੇ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਰਾਜ ਚੋਣ ਕਮਿਸ਼ਨ ਪੰਜਾਬ ਚੰਡੀਗੜ੍ਹ ਵੱਲੋਂ ਰਿਟਰਨਿੰਗ ਅਫਸਰ ਅਤੇ ਸਹਾਇਕ ਰਿਟਰਨਿੰਗ ਅਫਸਰ ਨਾਮਜ਼ਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫਰੀਦਕੋਟ ਲਈ ਪੁਨੀਤ ਸ਼ਰਮਾ ਐਸ.ਡੀ.ਐਮ. ਫਰੀਦਕੋਟ ਨੂੰ ਰਿਟਰਨਿੰਗ ਅਫਸਰ ਅਤੇ ਜਤਿੰਦਰਪਾਲ ਸਿੰਘ ਮਾਨ ਐਗਰੀਕਲਚਰ ਡਿਵੈਲਪਮੈਂਟ ਅਫਸਰ (ਇਨਫੋਰਸਮੈਂਟ) ਫਰੀਦਕੋਟ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਨਗਰ ਕੌਂਸਲ ਕੋਟਕਪੂਰਾ ਲਈ ਬੇਅੰਤ ਸਿੰਘ ਸਿੱਧੂ ਐਸ.ਡੀ.ਐਮ.ਕੋਟਕਪੂਰਾ ਨੂੰ ਰਿਟਰਨਿੰਗ ਅਫਸਰ ਅਤੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਤਸੀਲਦਾਰ ਕੋਟਕਪੂਰਾ ਨੂੰ ਰਿਟਰਨਿੰਗ ਅਫਸਰ ਵਜੋਂ ਨਾਮਜ਼ਦ ਕੀਤਾ ਗਿਆ ਹੈ। ਨਗਰ ਕੌਂਸਲ ਜੈਤੋ ਲਈ ਸ੍ਰੀ ਵਿਕਰਮਜੀਤ ਐਸ.ਡੀ.ਐਮ. ਜੈਤੋ ਨੂੰ ਰਿਟਰਨਿੰਗ ਅਫਸਰ ਅਤੇ ਹਰਪ੍ਰੀਤ ਸਿੰਘ ਧਾਲੀਵਾਲ ਅਸਿਸਟੈਂਟ ਫੂਡ ਸਪਲਾਈ ਅਫਸਰ ਜੈਤੋ ਨੂੰ ਸਹਾਇਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 13 ਮਈ ਤੋਂ 16 ਮਈ 2026 ਤੱਕ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ। 18 ਮਈ 2026 ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ, 19 ਮਈ ਨੂੰ ਉਮੀਦਵਾਰ ਨਾਮਜਦਗੀ ਪੱਤਰ ਵਾਪਿਸ ਲੈ ਸਕਦੇ ਹਨ, 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਸਬੰਧਤ ਰਿਟਰਨਿੰਗ ਅਫਸਰ-ਕਮ-ਉਪ ਮੰਡਲ ਮੈਜਿਸਟਰੇਟ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਦਫਤਰਾਂ ਵਿੱਚ ਪ੍ਰਾਪਤ ਕੀਤੇ ਜਾਣਗੇ।