ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜਿਕ, ਧਾਰਮਿਕ, ਖੇਡ ਅਤੇ ਲੋਕ ਭਲਾਈ ਕਾਰਜਾਂ ਨੂੰ ਲਗਾਤਾਰ ਉਤਸਾਹਤ ਕੀਤਾ ਜਾ ਰਿਹਾ ਹੈ। ਇਸੇ ਤਹਿਤ ਅੱਜ ਮੁੱਖ ਮੰਤਰੀ ਦੇ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਦੀਆਂ ਵੱਖ-ਵੱਖ ਸੰਸਥਾਵਾਂ ਨੂੰ ਕਰੀਬ 3.30 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਸੌਂਪੇ।ਇਸ ਮੌਕੇ ਓ.ਐਸ.ਡੀ. ਸੁਖਵੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਸਮੇਂ ਦੌਰਾਨ ਵੱਖ-ਵੱਖ ਸੰਸਥਾਵਾਂ ਨਾਲ ਬੈਠਕਾਂ ਕਰਕੇ ਉਨ੍ਹਾਂ ਦੀਆਂ ਮੰਗਾਂ ਅਤੇ ਲੋੜਾਂ ਨੂੰ ਗੰਭੀਰਤਾ ਨਾਲ ਸੁਣਿਆ ਸੀ ਅਤੇ ਹੁਣ ਪੰਜਾਬ ਸਰਕਾਰ ਵੱਲੋਂ ਉਹਨਾਂ ਮੰਗਾਂ ਨੂੰ ਪੂਰਾ ਕਰਦਿਆਂ ਵਿੱਤੀ ਸਹਾਇਤਾ ਦੇ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਸੇਵਾ, ਖੇਡਾਂ, ਸਿਹਤ ਅਤੇ ਧਾਰਮਿਕ ਸੰਸਥਾਵਾਂ ਦੇ ਵਿਕਾਸ ਲਈ ਵਚਨਬੱਧ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦਫ਼ਤਰ ਧੂਰੀ ਨੂੰ ਜੇ.ਸੀ.ਬੀ. ਲਈ 35 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਾਚੀਨ ਸ਼ਿਵ ਮੰਦਰ ਕਮੇਟੀ ਨੂੰ 5 ਲੱਖ ਰੁਪਏ, ਰੋਟਰੀ ਕਲੱਬ ਧੂਰੀ ਨੂੰ 15 ਲੱਖ ਰੁਪਏ, ਮੰਗਲਾ ਆਸ਼ਰਮ ਗਊਸ਼ਾਲਾ ਨੂੰ 20 ਲੱਖ ਰੁਪਏ, ਗਾਂਧੀ ਬਸਤੀ ਬਾਲਮੀਕਿ ਧਰਮਸ਼ਾਲਾ ਧੂਰੀ ਵਿੱਚ ਫਲੋਰਿੰਗ ਅਤੇ ਬਾਥਰੂਮ ਰੈਨੋਵੇਸ਼ਨ ਲਈ 7 ਲੱਖ ਰੁਪਏ, ਸਪੋਰਟਸ ਡੀ.ਐਸ.ਓ. ਪਿੰਡ ਕ੍ਰਿਕਟ, ਵਾਲੀਬਾਲ ਕਿੱਟਾਂ ਅਤੇ ਜਿੰਮ ਇਕੂਇਪਮੈਂਟਸ ਲਈ 23 ਲੱਖ ਰੁਪਏ, ਸਿਵਲ ਹਸਪਤਾਲ ਧੂਰੀ ਲਈ ਡੇਂਟਲ ਇਕੂਇਪਮੈਂਟ ਅਤੇ ਡਾਇਲਸਿਸ ਮਸ਼ੀਨ ਖਰੀਦਣ ਵਾਸਤੇ 16.50 ਲੱਖ ਰੁਪਏ ਅਤੇ ਬਾਰ ਐਸੋਸੀਏਸ਼ਨ ਧੂਰੀ ਨੂੰ 4 ਲੱਖ ਰੁਪਏ ਦੀ ਗ੍ਰਾਂਟ ਦੇ ਮਨਜ਼ੂਰੀ ਪੱਤਰ ਸੌਂਪੇ ਗਏ।