ਕਿਹਾ ਕੱਚੇ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰੇ ਸਰਕਾਰ
ਸੁਨਾਮ : ਆਊਟਸੋਰਸ ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲੀ, ਤਨਖਾਹਾਂ ਚ ਵਾਧਾ ਅਤੇ ਠੇਕੇਦਾਰੀ ਸਿਸਟਮ ਪ੍ਰਣਾਲੀ ਬੰਦ ਕਰਨ ਦੀ ਮੰਗ ਨੂੰ ਲੈਕੇ ਸਫ਼ਾਈ ਕਾਮਿਆਂ ਵੱਲੋਂ ਸ਼ੁਰੂ ਕੀਤੀ ਅਣਮਿੱਥੇ ਸਮੇਂ ਲਈ ਹੜਤਾਲ ਛੇਵੇਂ ਦਿਨ ਵੀ ਜਾਰੀ ਰਹੀ। ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਸੁਨਾਮ ਸ਼ਹਿਰ ਅੰਦਰ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਸਫ਼ਾਈ ਮਜ਼ਦੂਰ ਯੂਨੀਅਨ ਦੇ ਚੇਅਰਮੈਨ ਦੁਲੀਆ ਰਾਮ ਅਤੇ ਪ੍ਰਧਾਨ ਅਮਨ ਸਿੱਖਣ ਨੇ ਆਖਿਆ ਕਿ ਸੂਬੇ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਪੂਰਾ ਕਰਕੇ ਆਊਟਸੋਰਸ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਨ ਨੂੰ ਯਕੀਨੀ ਬਣਾਵੇ। ਉਨ੍ਹਾਂ ਆਖਿਆ ਕਿ ਮਗਰਲੀਆਂ ਸਰਕਾਰਾਂ ਵੱਲੋਂ ਕੱਚੇ ਸਫ਼ਾਈ ਕਾਮਿਆਂ ਨੂੰ ਪੱਕੇ ਕਰਨ ਲਈ ਜਾਰੀ ਕੀਤੇ ਪੱਤਰਾਂ ਨੂੰ ਮੌਜੂਦਾ ਸਰਕਾਰ ਦੁਆਰਾ ਅਣਗੌਲਿਆਂ ਕੀਤਾ ਜਾ ਰਿਹਾ ਹੈ ਅਜਿਹਾ ਵਰਤਾਰਾ ਆਮ ਆਦਮੀ ਪਾਰਟੀ ਲਈ ਘਾਤਕ ਸਿੱਧ ਹੋਵੇਗਾ। ਸਫ਼ਾਈ ਕਾਮਿਆਂ ਦੀ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਲੜ ਰਹੇ ਕੁੱਝ ਇੱਕ ਸੰਭਾਵੀ ਉਮੀਦਵਾਰਾਂ ਵੱਲੋਂ ਸਫ਼ਾਈ ਕਾਮਿਆਂ ਦੀ ਹੜਤਾਲ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਅਜਿਹੇ ਵਰਤਾਰੇ ਨੂੰ ਕਦਾਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਅਜਿਹੇ ਵਿਅਕਤੀਆਂ ਨੂੰ ਜਥੇਬੰਦੀ ਵੱਲੋਂ ਤਾਕੀਦ ਕੀਤੀ ਗਈ ਹੈ ਕਿ ਮਜ਼ਦੂਰ ਜਮਾਤ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਕਾਮਿਆਂ ਨੂੰ ਹੜਤਾਲ ਕਰਨ ਲਈ ਸਰਕਾਰ ਵੱਲੋਂ ਮੰਗਾਂ ਨਾ ਮੰਨਕੇ ਮਜਬੂਰ ਕੀਤਾ ਜਾ ਰਿਹਾ। ਇਸ ਮੌਕੇ ਸੂਰਜ ਕੁਮਾਰ, ਵਿਜੈ ਡੋਨੀ , ਅਜੈ ਕੁਮਾਰ (ਮੁੰਨਾ), ਸ਼ਰਦਾ ਰਾਮ, ਸੁਨੀਲ ਕੁਮਾਰ (ਪਾਲੀ), ਰਮਨ ਕੁਮਾਰ ਗਿੱਲ, ਬਲਵਿੰਦਰ ਕੁਮਾਰ ਗਿੱਲ, ਅਜੈ ਕੁਮਾਰ ਸੁੱਖਾ, ਰਾਜਨ ਕੁਮਾਰ, ਅਸ਼ੀਸ਼ ਕੁਮਾਰ ਮੋਂਟੀ ਸਮੇਤ ਹੋਰ ਮੈਂਬਰ ਹਾਜ਼ਰ ਸਨ।