ਘੜੂੰਆਂ/ਖਰੜ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਦੀ ਪ੍ਰਧਾਨਗੀ ਹੇਠ ਪ੍ਰਾਇਮਰੀ ਹੈਲਥ ਸੈਂਟਰ ਘੜੂੰਆਂ ਵਿਖੇ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਬਲਾਕ ਘੜੂੰਆਂ ਦੇ ਉਨ੍ਹਾਂ ਸਿਹਤ ਕੇਂਦਰਾਂ ਦੇ ਸਟਾਫ਼ ਨੂੰ ਸਨਮਾਨਿਤ ਕਰਨ ਲਈ ਰੱਖਿਆ ਗਿਆ ਸੀ, ਜਿਨ੍ਹਾਂ ਨੇ ਕੌਮੀ ਪੱਧਰ 'ਤੇ ਨੈਸ਼ਨਲ ਕੁਆਲਿਟੀ ਐਸ਼ੋਰੈਂਸ ਸਟੈਂਡਰਡ ਪ੍ਰਮਾਣੀਕਰਣ ਹਾਸਲ ਕਰਕੇ ਮਿਆਰੀ ਸਿਹਤ ਸੇਵਾਵਾਂ ਵਿੱਚ ਮਿਸਾਲ ਕਾਇਮ ਕੀਤੀ ਹੈ। ਇਸ ਮੌਕੇ ਸਿਵਲ ਸਰਜਨ ਡਾ. ਸੰਗੀਤਾ ਜੈਨ ਨੂੰ ਉਨ੍ਹਾਂ ਦੇ ਨਿਰੰਤਰ ਸਹਿਯੋਗ ਲਈ ਯਾਦਗਾਰੀ ਚਿੰਨ੍ਹ (Momento) ਭੇਟ ਕੀਤਾ ਗਿਆ। ਇਸ ਦੌਰਾਨ ਬਲਾਕ ਦੇ ਸਨਮਾਨਿਤ ਕੀਤੇ ਗਏ ਕੇਂਦਰਾਂ ਵਿੱਚ ਆਯੂਸ਼ਮਾਨ ਅਰੋਗਿਆ ਕੇਂਦਰ ਬੱਤਾ, ਦੇਵੀਨਗਰ,ਚੰਦੋਂ, ਨਵਾਂ ਸ਼ਹਿਰ ਬਡਾਲੀ, ਕੁਰੜੀ, ਗੜਾਂਗਾ ਸ਼ਾਮਲ ਸਨ। ਜ਼ਿਲ੍ਹਾ ਜ਼ਿਲ੍ਹਾ ਨੋਡਲ ਅਫ਼ਸਰ ਡਾ. ਰਿਤੂ, ਜ਼ਿਲ੍ਹਾ ਟੀਮ ਤੋਂ ਰੁਪਿੰਦਰ ਕੌਰ ਅਤੇ ਬਲਾਕ ਨੋਡਲ ਅਫ਼ਸਰ ਡਾ. ਹਰਦੀਪ ਕੌਰ ਨੂੰ ਵੀ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਯੋਗਦਾਨ ਲਈ ਟਰਾਫੀਆਂ ਅਤੇ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਐਸ.ਐਮ.ਓ. ਡਾ. ਪ੍ਰੀਤ ਮੋਹਨ ਸਿੰਘ ਖੁਰਾਣਾ ਨੇ ਸਮੂਹ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਯੁਸ਼ਮਾਨ ਅਰੋਗਿਆ ਕੇਂਦਰਾਂ ਦੁਆਰਾ ਇਹ ਪ੍ਰਾਪਤੀ ਸਾਂਝੇ ਯਤਨਾਂ ਦਾ ਸਿੱਟਾ ਹੈ। ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਜ਼ਨ ਤਹਿਤ ਹਰ ਪੇਂਡੂ ਖੇਤਰ ਵਿੱਚ ਇਨ੍ਹਾਂ ਕੇਂਦਰਾਂ ਰਾਹੀਂ ਵਿਸ਼ਵ-ਪੱਧਰੀ ਸਿਹਤ ਸਹੂਲਤਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਸਮਾਰੋਹ ਵਿੱਚ ਮੈਡੀਕਲ ਅਫ਼ਸਰ ਡਾ. ਪਰਮਿੰਦਰ ਸਿੰਘ, ਡਾ. ਸਰੋਜ, ਡਾ. ਰਮਨ, ਬੀ.ਈ.ਈ. ਬਲਜਿੰਦਰ ਸਿੰਘ, ਸਾਹਿਲ ਸੁਖੇਰਾ, ਸਟਾਫ਼ ਨਰਸ ਅਮਨਿੰਦਰ ਕੌਰ, ਰਿਸ਼ਮਜੀਤ ਕੌਰ ਅਤੇ ਬਲਾਕ ਦੇ ਹੋਰ ਸਮੂਹ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ਼ ਮੈਂਬਰ ਉਚੇਚੇ ਤੌਰ 'ਤੇ ਹਾਜ਼ਰ ਸਨ।