ਨਵਾਂਸ਼ਹਿਰ : ਬੀਤੀ ਰਾਤ ਪਿੰਡ ਸਲੋਹ ਦੇ ਨੇੜੇ ਸਥਿਤ ਕੁਰਕੁਰੇ ਅਤੇ ਚਿਪਸ ਦੇ ਇੱਕ ਗੋਦਾਮ ਵਿੱਚ ਅਚਾਨਕ ਭਿਆਨਕ ਅੱਗ ਲੱਗ ਜਾਣ ਕਾਰਨ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਦੇਖਣ ਨੂੰ ਮਿਲਿਆ।
ਗੋਦਾਮ ਦੇ ਮਾਲਕ ਨਿਰਮਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ ਸਾਢੇ ਅੱਠ ਵਜੇ ਬਿਜਲੀ ਦੇ ਸਾਰੇ ਸਵਿੱਚ ਬੰਦ ਕਰਕੇ ਗੋਦਾਮ ਨੂੰ ਤਾਲਾ ਲਗਾ ਕੇ ਘਰ ਗਏ ਸਨ। ਪਰ ਰਾਤ ਕਰੀਬ 11:30 ਵਜੇ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਗੋਦਾਮ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਉਨ੍ਹਾਂ ਤੁਰੰਤ ਮੌਕੇ 'ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਨਿਰਮਲ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਣ ਦੇ ਮਹਿਜ਼ ਪੰਜ ਮਿੰਟਾਂ ਦੇ ਅੰਦਰ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ ਸੀ। ਫਾਇਰ ਕਰਮਚਾਰੀਆਂ ਨੇ ਲਗਾਤਾਰ ਦੋ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਹਾਲਾਂਕਿ, ਜਦੋਂ ਤੱਕ ਅੱਗ ਬੁਝੀ, ਉਦੋਂ ਤੱਕ ਗੋਦਾਮ ਦੇ ਅੰਦਰ ਪਿਆ ਚਿਪਸ, ਕੁਰਕੁਰੇ ਅਤੇ ਹੋਰ ਖਾਣ-ਪੀਣ ਦਾ ਸਾਮਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕਾ ਸੀ।
ਇੱਥੇ ਇਹ ਦੱਸਣਯੋਗ ਹੈ ਕਿ ਇਸੇ ਗੋਦਾਮ ਨੂੰ ਪਹਿਲਾਂ ਵੀ ਅੱਗ ਲੱਗ ਚੁੱਕੀ ਹੈ। ਮਾਲਕ ਮੁਤਾਬਕ ਕਰੀਬ ਦਸ ਮਹੀਨੇ ਪਹਿਲਾਂ ਵੀ ਇਸੇ ਜਗ੍ਹਾ ਅਗਨੀਕਾਂਡ ਦੀ ਘਟਨਾ ਵਾਪਰੀ ਸੀ, ਜਿਸ ਕਾਰਨ ਉਨ੍ਹਾਂ ਦਾ ਭਾਰੀ ਨੁਕਸਾਨ ਹੋਇਆ ਸੀ। ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਮਾਲਕ ਕਾਫੀ ਮਾਯੂਸ ਹਨ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।