ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਭਾਰਤ ਸਰਕਾਰ ਵੱਲੋਂ ਕਰਵਾਈ ਜਾ ਰਹੀ ਮਰਦਮਸ਼ੁਮਾਰੀ-2026 ਦੇ ਤਹਿਤ ਸਵੈ-ਗਣਨਾ (ਸੈਲਫ ਐਨਯੂਮੇਰੇਸ਼ਨ) ਮੁਹਿੰਮ ਨੂੰ ਸਫਲ ਬਣਾਉਣ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਖੁਦ ਅਗਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਸ੍ਰੀਮਤੀ ਗੀਤਿਕਾ ਸਿੰਘ, ਏ.ਡੀ.ਸੀ. (ਜਨਰਲ) ਅਤੇ ਡਾ. ਅੰਕਿਤਾ ਕਾਂਸਲ, ਸਹਾਇਕ ਕਮਿਸ਼ਨਰ (ਜਨਰਲ) ਵੱਲੋਂ ਸਵੈ ਗਣਨਾ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਮੌਕੇ ਏ.ਡੀ.ਸੀ. (ਜਨਰਲ) ਸ੍ਰੀਮਤੀ ਗੀਤਿਕਾ ਸਿੰਘ ਨੇ ਕਿਹਾ ਕਿ ਮਰਦਮਸ਼ੁਮਾਰੀ ਦੇਸ਼ ਦੀ ਯੋਜਨਾਬੰਦੀ, ਵਿਕਾਸ ਕਾਰਜਾਂ ਅਤੇ ਸਰਕਾਰੀ ਸਕੀਮਾਂ ਦੀ ਬਿਹਤਰ ਤਿਆਰੀ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਪਹਿਲੇ ਪੜਾਅ ਤਹਿਤ ਸਵੈ ਗਣਨਾ (ਸੈਲਫ ਐਨਯੂਮੇਰੇਸ਼ਨ) 30 ਅਪ੍ਰੈਲ ਤੋਂ 14 ਮਈ ਤੱਕ ਹੋਵੇਗੀ। ਨਾਗਰਿਕ
https://se.census.gov.in ਵੈੱਬਸਾਈਟ ‘ਤੇ ਜਾ ਕੇ ਆਪਣੀ ਜਾਣਕਾਰੀ ਖੁਦ ਅਪਲੋਡ ਕਰ ਸਕਦੇ ਹਨ, ਜਿਸ ਦੀ ਪੁਸ਼ਟੀ ਬਾਅਦ ਵਿੱਚ ਘਰ-ਘਰ ਜਾ ਕੇ ਕੀਤੀ ਜਾਵੇਗੀ ਅਤੇ ਸਵੈ-ਗਣਨਾ (ਸੈਲਫ ਐਨਯੂਮੇਰੇਸ਼ਨ) ਰਾਹੀਂ ਨਾਗਰਿਕ ਘਰ ਬੈਠੇ ਹੀ ਆਪਣੀ ਜਾਣਕਾਰੀ ਆਨਲਾਈਨ ਦਰਜ ਕਰ ਸਕਦੇ ਹਨ, ਜਿਸ ਨਾਲ ਸਮੇਂ ਦੀ ਬਚਤ ਦੇ ਨਾਲ-ਨਾਲ ਜਾਣਕਾਰੀ ਦੀ ਸ਼ੁੱਧਤਾ ਵੀ ਯਕੀਨੀ ਬਣਦੀ ਹੈ। ਇਸ ਲਈ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਸਹੀ ਅਤੇ ਪੂਰੀ ਜਾਣਕਾਰੀ ਮੁਹੱਈਆ ਕਰਵਾਏ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਗਰਿਕਾਂ ਨੂੰ ਮਰਦਮਸ਼ੁਮਾਰੀ-2026 ਦੀ ਸਵੈ-ਗਣਨਾ (ਸੈਲਫ ਐਨਯੂਮੇਰੇਸ਼ਨ) ਪ੍ਰਕਿਰਿਆ ਸਬੰਧੀ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਤਾਂ ਜੋ ਇਹ ਮੁਹਿੰਮ ਸਫਲਤਾਪੂਰਵਕ ਸੰਪੰਨ ਹੋ ਸਕੇ। ਇਸ ਮੌਕੇ ਜ਼ਿਲ੍ਹਾ ਜਣਗਣਨਾ ਵਿਭਾਗ ਤੋਂ ਰਣਜੀਤ ਸਿੰਘ ਖੋਜ ਅਫਸਰ, ਮਾਸਟਰ ਟ੍ਰੇਨਰ ਮੁਕੇਸ਼ ਕੁਮਾਰ, ਤਕਨੀਕੀ ਸਹਾਇਕ, ਹਰਲੀਨ ਕੌਰ ਅਤੇ ਸਰਬਜੀਤ ਕੌਰ ਹਾਜ਼ਰ ਸਨ।