ਪਟਿਆਲਾ : ਜ਼ਿਲਾ ਯੋਜਨਾ ਬੋਰਡ, ਪਟਿਆਲਾ ਦੇ ਚੇਅਰਮੈਨ ਤੇਜਿੰਦਰ ਮਹਿਤਾ ਨੇ ਸ਼੍ਰੀ ਗੁਰੂ ਰਵਿਦਾਸ ਧਰਮਸ਼ਾਲਾ ਪ੍ਰਬੰਧਕ ਕਮੇਟੀ ਪਟਿਆਲਾ ਅਤੇ ਜਾਟਵ ਸਮਾਜ ਵੱਲੋਂ ਧਰਮਸ਼ਾਲਾ ਨਿਰਮਾਣ ਲਈ ਦਿੱਤੀ ਗਈ ਅਰਜ਼ੀ ਨੂੰ ਤੁਰੰਤ ਸਵੀਕਾਰ ਕਰਦਿਆਂ ਢਾਈ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਕਮੇਟੀ ਅਤੇ ਸਮਾਜ ਦੇ ਪ੍ਰਤੀਨਿਧੀਆ ਵੱਲੋਂ ਚੇਅਰਮੈਨ ਮਹਿਤਾ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀਆਂ ਸਿੱਖਿਆਵਾਂ “ਮਨ ਚੰਗਾ ਤਾਂ ਕਠੌਤੀ ਵਿਚ ਗੰਗਾ” ਅਤੇ ਸਮਾਨਤਾ ਦੇ ਉਪਦੇਸ਼ਾਂ ਤੋਂ ਪ੍ਰੇਰਿਤ ਹੋਕੇ ਕਮੇਟੀ ਪਿਛਲੇ ਕਈ ਸਾਲਾਂ ਤੋਂ ਜਾਟਵ ਸਮਾਜ ਦੇ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਕਾਰਜ ਸੁਚੱਜੇ ਢੰਗ ਨਾਲ ਕਰਵਾ ਰਹੀ ਹੈ। ਸਮਾਜ ਦੇ ਸਾਂਝੇ ਸਮਾਗਮਾਂ ਅਤੇ ਹੋਰ ਗਤੀਵਿਧੀਆਂ ਲਈ ਇੱਕ ਸਥਾਈ ਧਰਮਸ਼ਾਲਾ ਦੀ ਲੋੜ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਕਮੇਟੀ ਵੱਲੋਂ ਦੱਸਿਆ ਗਿਆ ਕਿ ਧਰਮਸ਼ਾਲਾ ਲਈ ਸੈਫ਼ਾਬਾਦੀ ਗੇਟ ਕੋਲ ਜ਼ਮੀਨ ਉਪਲਬਧ ਹੈ, ਪਰ ਨਿਰਮਾਣ ਲਈ ਆਰਥਿਕ ਸਰੋਤਾਂ ਦੀ ਘਾਟ ਹੈ। ਧਰਮਸ਼ਾਲਾ ਦੇ ਨਿਰਮਾਣ ਨਾਲ ਸਮਾਜ ਦੇ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਲਈ ਉਚਿਤ ਥਾਂ ਮੁਹੱਈਆ ਹੋਵੇਗੀ। ਇਸ ਨਾਲ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ ਅਤੇ ਸਮਾਜਿਕ ਏਕਤਾ ਨੂੰ ਹੋਰ ਮਜ਼ਬੂਤੀ ਮਿਲੇਗੀ। ਚੇਅਰਮੈਨ ਤੇਜਿੰਦਰ ਮਹਿਤਾ ਜੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜ ਸੇਵੀ ਉਪਰਾਲਿਆਂ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਧਰਮਸ਼ਾਲਾ ਦੇ ਨਿਰਮਾਣ ਨੂੰ ਜਲਦ ਪੂਰਾ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਸੰਨੀ ਹਿੰਗੋਨਾ, ਅਮਨ ਜੌਲੀ, ਦਵਿੰਦਰ ਮੱਟੂ, ਕੁਲਦੀਪ ਖੰਡੋਲੀ, ਗਿਰਧਾਰੀ ਲਾਲ, ਬਬਲਾ, ਸਿਕੰਦਰ, ਪਵਨ, ਸੁਨੀਲ, ਹੇਮਰਾਜ, ਰਾਹੁਲ, ਬੰਟੀ ਅਤੇ ਚਿਰਾਗ ਸਮੇਤ ਪਟਿਆਲਾ ਜਾਟਵ ਸਮਾਜ ਦੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਉਨ੍ਹਾਂ ਚੇਅਰਮੈਨ ਤੇਜਿੰਦਰ ਮਹਿਤਾ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਬਾਕੀ ਰਕਮ ਲਈ ਵੀ ਉਨ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ। ਇਸ ਫੈਸਲੇ ਨਾਲ ਪਟਿਆਲਾ ਜਾਟਵ ਸਮਾਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕ ਧਰਮਸ਼ਾਲਾ ਦੇ ਜਲਦੀ ਨਿਰਮਾਣ ਦੀ ਉਮੀਦ ਕਰ ਰਹੇ ਹਨ।