ਪਾਤੜਾਂ : ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਨਾਲ ਪਿੰਡ ਦੁਗਾਲ ਵਿਖੇ ਸਥਿਤ ਸ੍ਰੀ ਰਾਮ ਗਊਸ਼ਾਲਾ ਦਾ ਦੌਰਾ ਕਰਕੇ ਬੀਤੇ ਦਿਨੀਂ ਤੂੜੀ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਇਸ ਅੱਗ ਕਾਰਨ ਗੋਦਾਮ ਵਿੱਚ ਸਟੋਰ ਕੀਤੀ ਕਈ ਟਨ ਤੂੜੀ ਸੜ ਕੇ ਸੁਆਹ ਹੋ ਗਈ ਹੈ ਅਤੇ ਗੋਦਾਮ ਦੇ ਸ਼ੈੱਡ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਨੁਕਸਾਨ ਦੀ ਭਰਪਾਈ ਲਈ ਵਿੱਤ ਮੰਤਰੀ ਨੇ ਗਊਸ਼ਾਲਾ ਨੂੰ 50 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ। ਦੌਰੇ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਗਊਸ਼ਾਲਾ ਵਿੱਚ ਲਗਭਗ 4,000 ਗਊਵੰਸ਼ ਦੀ ਦੇਖਭਾਲ ਕੀਤੀ ਜਾਂਦੀ ਹੈ ਅਤੇ ਇੱਥੇ ਨੇੜਲੇ ਖੇਤਰਾਂ ਦੀਆਂ ਹੋਰ ਗਊਸ਼ਾਲਾਵਾਂ ਲਈ ਵੀ ਤੂੜੀ ਸਟੋਰ ਕੀਤੀ ਜਾਂਦੀ ਹੈ। ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਹੋਰ ਗਊਸ਼ਾਲਾਵਾਂ ਲਈ ਵੀ ਸਹਾਇਤਾ ਰਾਸ਼ੀ ਦਿੱਤੀ ਹੈ, ਜਿਸ ਤਹਿਤ ਪਾਤੜਾਂ ਗਊਸ਼ਾਲਾ 5 ਲੱਖ, ਘੱਗਾ ਗਊਸ਼ਾਲਾ 5 ਲੱਖ, ਹਰਿਆਉ ਕਲਾਂ ਗਊਸ਼ਾਲਾ 5 ਲੱਖ, ਬਰਾਸ ਗਊਸ਼ਾਲਾ 5 ਲੱਖ, ਕਲਬਾਣੂ ਗਊਸ਼ਾਲਾ 5 ਲੱਖ ਇਹ ਮਦਦ ਪ੍ਰਭਾਵਿਤ ਗਊਸ਼ਾਲਾਵਾਂ ਨੂੰ ਮੁੜ ਖੜ੍ਹਾ ਕਰਨ ਵਿੱਚ ਵੱਡੀ ਭੂਮਿਕਾ ਨਿਭਾਏਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਊਸ਼ਾਲਾ ਪ੍ਰਬੰਧਕ ਕਮੇਟੀ ਪਾਤੜਾ ਦੇ ਪ੍ਰਧਾਨ ਸੁਰਿੰਦਰ ਕੁਮਾਰ ਪੈਦ, ਯੂਥ ਆਗੂ ਗੁਰਮੀਤ ਸਿੰਘ, ਕੰਬੋਜ ਵੈਲਫੇਅਰ ਬੋਰਡ ਦੇ ਡਾਇਰੈਕਟਰ ਕੁਲਦੀਪ ਸਿੰਘ ਥਿੰਦ, ਟਰੱਕ ਯੂਨੀਅਨ ਪਾਤੜਾਂ ਦੇ ਸਾਬਕਾ ਪ੍ਰਧਾਨ ਅੰਮ੍ਰਿਤਪਾਲ ਕਾਲੇਕਾ, ਸਰਪੰਚ ਬਲਜਿੰਦਰ ਸਿੰਘ ਜੋਗੇਵਾਲਾ, ਸ਼ਹਿਰੀ ਪ੍ਰਧਾਨ ਮਦਨ ਲਾਲ ਗੋਇਲ ਆਦਿ ਹਾਜ਼ਰ ਸਨ।