ਕੋਟਕਪੂਰਾ : ਅੱਜ ਪੰਜਾਬ ਸਟੂਡੈਂਟਸ ਯੂਨੀਅਨ, ਵਿਚਾਰ ਮੰਚ ਫ਼ਰੀਦਕੋਟ, ਨੌਜਵਾਨ ਭਾਰਤ ਸਭਾ, ਸਫਾਈ ਸੇਵਕ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਅਤੇ ਇਨਸਾਫ਼ਪਸੰਦ ਲੋਕਾਂ ਵੱਲੋਂ ਪੁਲੀਸ ਦੀ ਢਿੱਲੀ ਕਾਰਜੁਗਾਰੀ ਖਿਲਾਫ਼ 11 ਮਈ ਨੂੰ ਧਰਨੇ ਦਾ ਐਲਾਨ ਕੀਤਾ ਗਿਆ| ਜ਼ਿਕਰ ਯੋਗ ਹੈ ਕਿ ਫਰੀਦਕੋਟ ਦੇ ਨੌਜਵਾਨ ਪਾਵੇਲ ਨੇ ਮੱਤਾ ਸੀਡ ਫਾਰਮ ਦੇ ਮਾਲਕ ਮਾਲਵਿੰਦਰਪਾਲ ਸਿੰਘ ਮੱਤਾ ਤੋਂ ਲਾਇਬ੍ਰੇਰੀ ਚਲਾਉਣ ਲਈ ਦੁਕਾਨ ਕਿਰਾਏ ’ਤੇ ਲਈ ਸੀ, ਜਿਸ ਨੂੰ ਤਿਆਰ ਕਰਨ ਵਿੱਚ ਲੱਖਾਂ ਰੁਪਏ ਖ਼ਰਚ ਕੀਤੇ ਸਨ ਪਰ ਦੁਕਾਨ ਮਾਲਕ ਮਾਲਵਿੰਦਰਪਾਲ ਸਿੰਘ ਵੱਲੋ ਧੱਕੇ ਨਾਲ ਲਾਇਬ੍ਰੇਰੀ ਤੇ ਕਬਜ਼ਾ ਕਰ ਕੇ ਲਾਇਬ੍ਰੇਰੀ ਬੰਦ ਕਰ ਦਿੱਤੀ ਹੈ| ਮਾਮਲੇ ਦੇ ਹੱਲ ਲਈ ਐੱਸਐੱਸਪੀ ਫ਼ਰੀਦਕੋਟ ਦੇ ਨਾਮ ਦਰਖ਼ਾਸਤ ਦਿੱਤੀ ਗਈ ਪਰ ਹਾਲੇ ਤੱਕ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਅਤੇ ਦੋ ਡੀ ਐਸ ਪੀ ਇਸ ਮਸਲੇ ਵਿੱਚ ਹੋਣ ਦੇ ਬਾਵਜੂਦ ਵੀ ਦੁਕਾਨ ਮਾਲਕ ਗੁੰਡਾਗਰਦੀ ਕਰਕੇ ਲਾਇਬ੍ਰੇਰੀ ਤੇ ਕਬਜ਼ਾ ਕਰਕੇ ਬੈਠਾ ਹੈ| ਲਾਇਬ੍ਰੇਰੀ ਬੰਦ ਹੋਣ ਕਾਰਨ ਵਿਦਿਆਰਥੀਆਂ ਦਾ ਬਹੁਤ ਨੁਕਸਾਨ ਹੋ ਰਿਹਾ ਅਤੇ ਲਾਇਬ੍ਰੇਰੀ ਸੰਚਾਲਕ ਦਾ ਕਾਰੋਬਾਰ ਠੱਪ ਹੋ ਗਿਆ ਹੈ| ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਮਸਲੇ ਨੂੰ ਜਾਣ ਬੁੱਝ ਕੇ ਲਟਕਾਇਆ ਜਾ ਰਿਹਾ ਹੈ| ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਆਗੂ ਹਰਵੀਰ ਗੰਧੜ, ਨੌਜਵਾਨ ਭਾਰਤ ਸਭਾ ਦੇ ਆਗੂ ਨੌਨਿਹਾਲ ਸਿੰਘ, ਵਿਚਾਰ ਮੰਚ ਫ਼ਰੀਦਕੋਟ ਦੇ ਆਗੂ ਕਾਮਰੇਡ ਕੁਲਦੀਪ ਸ਼ਰਮਾ, ਡਾਕਟਰ ਧਰਮਵੀਰ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਨੇ ਕਿਹਾ ਕਿ ਮਸਲੇ ਦੇ ਹੱਲ ਲਈ ਅਤੇ ਮਾਲਵਿੰਦਰਪਾਲ ਸਿੰਘ ਤੇ ਕਾਰਵਾਈ ਕਰਵਾਉਣ ਲਈ ਜਥੇਬੰਦੀਆਂ ਪ੍ਰਸ਼ਾਸਨ ਨੂੰ ਕਈ ਵਾਰ ਮਿਲ ਚੁੱਕਿਆ ਹਨ| ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਦੋਸ਼ੀ ਉੱਪਰ ਜਲਦੀ ਕਾਰਵਾਈ ਨਹੀਂ ਕੀਤੀ ਗਈ ਤਾਂ 11 ਮਈ ਨੂੰ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਜਾਵੇਗਾ|