ਬਰਨਾਲਾ : ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਅੱਜ ‘ਅੰਤਰਰਾਸ਼ਟਰੀ ਮਜ਼ਦੂਰ ਦਿਵਸ’ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਵੱਲੋਂ ਮਿਲ ਕੇ ਸਕੂਲ ਦੇ ਚੌਥਾ ਦਰਜਾ ਕਰਮਚਾਰੀਆਂ ਦੀ ਮਿਹਨਤ ਅਤੇ ਸੇਵਾਵਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਵਿਸ਼ੇਸ਼ ਪ੍ਰੋਗਰਾਮ ਨਾਲ ਹੋਈ, ਜਿਸ ਵਿੱਚ ਮਜ਼ਦੂਰਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਕਵਿਤਾਵਾਂ ਅਤੇ ਭਾਸ਼ਣ ਪੇਸ਼ ਕੀਤੇ ਗਏ। ਸਕੂਲ ਦੇ ਪ੍ਰਿੰਸੀਪਲ ਡਾ. ਸੰਦੀਪ ਕੁਮਾਰ ਲੱਠ ਜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਜ਼ਦੂਰ ਸਮਾਜ ਦੀ ਰੀੜ੍ਹ ਦੀ ਹੱਡੀ ਹਨ ਅਤੇ ਕਿਸੇ ਵੀ ਸੰਸਥਾ ਦੀ ਤਰੱਕੀ ਵਿੱਚ ਇਨ੍ਹਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਖਾਸ ਮੌਕੇ 'ਤੇ ਸਕੂਲ ਦੇ ਮਾਲੀ, ਸਫ਼ਾਈ ਸੇਵਕਾਂ ਅਤੇ ਹੋਰ ਸਹਾਇਕ ਸਟਾਫ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੇ ਹੱਥਾਂ ਨਾਲ ਬਣਾਏ ਗਏ 'ਥੈਂਕ ਯੂ ਕਾਰਡ' (ਧੰਨਵਾਦ ਪੱਤਰ) ਦੇ ਕੇ ਉਨ੍ਹਾਂ ਪ੍ਰਤੀ ਆਪਣਾ ਪਿਆਰ ਜਤਾਇਆ। ਇਸ ਦਿਹਾੜੇ ਨੇ ਬੱਚਿਆਂ ਨੂੰ ਹੱਥੀਂ ਕਿਰਤ ਕਰਨ ਅਤੇ ਹਰ ਇਨਸਾਨ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੱਤਾ।