ਕੋਟਕਪੂਰਾ : ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਵੱਲੋਂ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਸੁਚੱਜੇ ਪ੍ਰਬੰਧਨ ਵੱਲ ਦਿਨ–ਪ੍ਰਤੀ ਦਿਨ ਨਵੇਂ ਕਦਮ ਚੁੱਕੇ ਜਾ ਰਹੇ ਹਨ, ਇਸੇ ਦੀ ਲੜੀ ਵਿੱਚ ਫਰੀਦਕੋਟ ਪੁਲਿਸ ਵਿਭਾਗ ਵੱਲੋ ਐਨ.ਡੀ.ਪੀ.ਐਸ. ਮਾਮਲਿਆਂ, ਹੋਰ ਵੱਖ-ਵੱਖ ਮੁਕੱਦਮਿਆ ਅਤੇ ਲਾਵਾਰਿਸ ਮਿਲੇ ਵੱਖ-ਵੱਖ ਥਾਣਿਆ ਦੇ ਕੁੱਲ 161 ਵਾਹਨਾਂ ਨੂੰ ਯੋਗ ਪ੍ਰਣਾਲੀ ਰਾਹੀ ਪੁਲਿਸ ਲਾਈਨ ਫਰੀਦਕੋਟ ਵਿਖੇ ਖੁੱਲ੍ਹੀ ਬੋਲੀ ਕਰਵਾ ਕੇ ਨਿਲਾਮ ਕਰਵਾਇਆ ਗਿਆ। ਇਹਨਾ ਵਾਹਨਾਂ ਦੀ ਨਿਲਾਮੀ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ 26.24 ਲੱਖ ਰੁਪਏ ਦੀ ਮਹੱਤਵਪੂਰਨ ਆਮਦਨ ਦਾ ਵਾਧਾ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਵੀਨ ਕੁਮਾਰ ਡੀ.ਐਸ.ਪੀ. (ਸਥਾਨਿਕ) ਫਰੀਦਕੋਟ ਨੇ ਦੱਸਿਆ ਕਿ ਇਹਨਾ ਵਿੱਚੋ ਕੁੱਲ 161 ਵਹੀਕਲਾਂ ਵਿੱਚੋ 37 ਚਾਰ ਪਹੀਆਂ ਵਾਹਨ ਅਤੇ 124 ਦੋ ਪਹੀਆ ਵਹੀਕਲ ਸ਼ਾਮਿਲ ਸਨ। ਜਿਹਨਾ ਦੀ ਨਿਲਾਮੀ ਲਈ 54 ਵਿਅਕਤੀਆ ਵੱਲੋ ਬੋਲੀ ਵਿੱਚ ਭਾਗ ਲਿਆ ਗਿਆ ਅਤੇ ਇਹ ਬੋਲੀ 26 ਲੱਖ 24 ਹਜਾਰ ਰੁਪਏ ਪਰ ਖਤਮ ਹੋਈ। ਡੀ.ਐਸ.ਪੀ ਨਵੀਨ ਕੁਮਾਰ ਨੇ ਕਿਹਾ ਕਿ ਇਹਨਾ ਵਾਹਨਾ ਵਿੱਚ ਮੋਟਰਸਾਈਕਲਾ ਦੀ ਸੰਖਿਆ ਜਿਆਦਾ ਸੀ, ਜਿੰਨਾ ਨੂੰ ਕਿ ਜਿਲਾ ਪੁਲਿਸ ਵੱਲੋ ਜਬਤ ਕੀਤਾ ਗਿਆ ਸੀ ਪਰ ਇਹਨਾ ਨੂੰ ਕਿਸੇ ਵੱਲੋ ਵੀ ਛੁਡਵਾਉਣ ਲਈ ਕੋਈ ਵੀ ਚਿੰਰਾਜੋਈ ਨਹੀ ਕੀਤੀ ਗਈ ਸੀ ਅਤੇ ਜਿਹਨਾ ਦੀ ਹਾਲਤ ਹੁਣ ਖਸਤਾ ਹੋ ਚੁੱਕੀ ਸੀ। ਡਾ. ਪ੍ਰਗਿਆ ਜੈਨ ਐਸ.ਐਸ.ਪੀ. ਨੇ ਦੱਸਿਆ ਕਿ ਵਾਹਨ ਡਿਸਪੋਜ਼ਲ ਕਮੇਟੀ ਮੈਂਬਰਾਂ ਦੀ ਮੌਜੂਦਗੀ ਵਿਚ ਕਾਨੂੰਨੀ ਪ੍ਰਕਿਰਿਆ ਅਪਣਾਉਦੇ ਹੋਏ ਜਿਲ੍ਹਾ ਫਰੀਦਕੋਟ ਦੇ ਪੁਲਿਸ ਥਾਣਾ ਸਦਰ ਕੋਟਕਪੂਰਾ, ਥਾਣਾ ਬਾਜਾਖਾਨਾ ਅਤੇ ਥਾਣਾ ਸਿਟੀ ਫਰੀਦਕੋਟ ਦੇ ਨਸ਼ਿਆ ਅਤੇ ਹੋਰ ਮੁਕੱਦਮਿਆਂ ਵਿਚ ਬਰਾਮਦਸ਼ੁਦਾ 161 ਵਹੀਕਲ ਬਿਨਾਂ ਕਾਗ਼ਜ਼ਾਤ ਤੇ ਦੁਬਾਰਾ ਨਾ ਵਰਤੋਂਯੋਗ ਸਕਰੈਪ ਦੀ ਨਿਲਾਮੀ (ਖੁੱਲੀ ਬੋਲੀ) ਕਰਵਾਈ ਗਈ। ਉਹਨਾ ਕਿਹਾ ਕਿ ਨਿਲਾਮੀ ਦੀ ਕੁੱਲ ਰਕਮ 26,24,000/- ਰੁਪਏ ਸਰਕਾਰੀ ਖ਼ਜ਼ਾਨੇ ਵਿਚ ਜਮਾਂ ਕਰਵਾਈ ਗਈ ਹੈ। ਉਹਨਾ ਦੱਸਿਆ ਕਿ ਇਨਾਂ ਵਾਹਨਾਂ ਨਾਲ ਸਬੰਧਿਤ ਮੁਕੱਦਮਿਆਂ ਦਾ ਫੈਸਲਾ ਹੋ ਚੁੱਕਾ ਹੈ ਪਰ ਕਿਸੇ ਵਿਅਕਤੀ ਵੱਲੋਂ ਇਹ ਵਹੀਕਲ ਕਲੇਮ ਨਹੀ ਕੀਤੇ ਗਏ ਅਤੇ ਇਨ੍ਹਾਂ ਵਹੀਕਲਾਂ ਕਰਕੇ ਥਾਣਿਆਂ ਵਿਚ ਕਾਫੀ ਜਗਾ ਘੇਰੀ ਹੋਈ ਸੀ। ਐਸ.ਐਸ.ਪੀ ਨੇ ਕਿਹਾ ਕਿ ਵਹੀਕਲਾ ਦੀ ਨਿਲਾਮੀ ਹੋਣ ਨਾਲ ਥਾਣਿਆ ਅਤੇ ਪੁਲਿਸ ਲਾਈਨ ਵਿੱਚ ਕਾਫੀ ਜਗਾ ਖਾਲੀ ਹੋ ਜਾਵੇਗੀ। ਜਿਸਨੂੰ ਕਿ ਵਰਤੋਯੋਗ ਬਣਾਇਆ ਜਾ ਸਕੇਗਾ। ਇਸ ਦੇ ਨਾਲ ਹੀ ਬਾਕੀ ਰਹਿੰਦੇ ਵਾਹਨਾਂ ਸਬੰਧੀ ਵੀ ਰਿਕਾਰਡ ਤਿਆਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਵਾਹਨ ਵੀ ਜਲਦੀ ਨਿਲਾਮ ਕੀਤੇ ਜਾਣਗੇ।