ਕੋਟਕਪੂਰਾ : ਲਗਾਤਾਰ ਵੱਧ ਰਹੀ ਗਰਮੀ ਕਾਰਨ ਜਿੱਥੇ ਇਨਸਾਨਾਂ ਨੂੰ ਗਰਮੀ ਕਾਰਨ ਆਪਣੇ ਘਰਾਂ, ਦੁਕਾਨਾਂ, ਦਫ਼ਤਰਾਂ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਉੱਥੇ ਵੱਧਦੀ ਗਰਮੀ ਕਾਰਨ ਪਸ਼ੂ ਅਤੇ ਪੰਛੀਆਂ ਦਾ ਮੰਦਾ ਹਾਲ ਹੋ ਰਿਹਾ ਹੈ। ਅਜਿਹੇ ਹਲਾਤਾਂ ਵਿੱਚ ਹਰ ਇਨਸਾਨ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਘਰਾਂ ਅੱਗੇ, ਦੁਕਾਨਾਂ ਅਤੇ ਸਾਂਝੀਆਂ ਥਾਵਾਂ ’ਤੇ ਇਨ੍ਹਾਂ ਬੇਜੁਬਾਨ ਪਸ਼ੂ ਅਤੇ ਪੰਛੀਆਂ ਲਈ ਸਵੇਰ-ਸ਼ਾਮ ਪਾਣੀ ਦਾ ਪ੍ਰਬੰਧ ਕਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਵਕੀਲ ਅਜੀਤ ਵਰਮਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਾਨੂੰ ਆਪਣੇ ਘਰਾਂ, ਦੁਕਾਨਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਪੰਛੀਆਂ ਅਤੇ ਪਸ਼ੂਆਂ ਵਾਸਤੇ ਪਾਣੀ ਦਾ ਪ੍ਰਬੰਧ ਜਰੂਰ ਕਰਨਾ ਚਾਹੀਦਾ ਹੈ ਤਾਂ ਜੋ ਉਹ ਪਾਣੀ ਪੀ ਕੇ ਆਪਣੀ ਪਿਆਸ ਬੁਝਾ ਸਕਣ। ਉਨ੍ਹਾਂ ਸਾਨੂੰ ਸਵੇਰ-ਸ਼ਾਮ ਪਾਣੀ ਵਾਲੇ ਬਰਤਨ ਚੰਗੀ ਤਰ੍ਹਾਂ ਸਾਫ਼ ਕਰਕੇ ਫ਼ਿਰ ਤੋਂ ਪਾਣੀ ਨਾਲ ਭਰ ਦੇਣੇ ਚਾਹੀਦੇ ਹਨ। ਅਜੀਤ ਵਰਮਾ ਨੇ ਆਖਿਆ ਕਿ ਅਸੀਂ ਇਕ ਛੋਟੇ ਜਿਹੇ ਯਤਨ ਨਾਲ ਬੇਜ਼ੁਬਾਨ ਪੰਛੀਆਂ ਅਤੇ ਪਸ਼ੂਆਂ ਨੂੰ ਗਰਮੀ ਤੋਂ ਰਾਹਤ ਦੇ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਪਾਣੀ ਵਾਲੇ ਬਰਤਨਾਂ ਨੂੰ ਸਾਫ਼ ਕਰਕੇ ਸਾਫ਼-ਸੁਥਰਾ ਪਾਣੀ ਮੁਹੱਈਆ ਕਰਕੇ ਖਾਸ ਕਰਕੇ ਪੰਛੀਆਂ ਨੂੰ ਗਰਮੀ ਤੋਂ ਰਾਹਤ ਦੇਣ ਵਾਸਤੇ ਉਪਰਾਲਾ ਕਰਨਾ ਚਾਹੀਦਾ ਹੈ।