ਬਲਾਚੌਰ : ਗੁਰੂ ਗੋਬਿੰਦ ਸਿੰਘ ਸਟਡੀ ਸਰਕਲ, ਪੀ.ਏ.ਯੂ.– ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਯੂਨਿਟ ਵੱਲੋਂ ਯੂਥ ਲੀਡਰਸ਼ਿਪ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਕੁੱਲ 99 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ ਸਰਗਰਮੀ ਨਾਲ ਭਾਗ ਲਿਆ, ਜਿਨ੍ਹਾਂ ਵਿੱਚੋਂ 33 ਵਿਦਿਆਰਥੀ ਪੀ.ਏ.ਯੂ. ਦੇ ਮੁੱਖ ਕੈਂਪਸ ਤੋਂ ਸ਼ਾਮਲ ਹੋਏ। ਡਾ. ਬੂਟਾ ਸਿੰਘ ਧਿੱਲੋਂ, ਪ੍ਰਧਾਨ, ਸਟੱਡੀ ਸਰਕਲ, ਪੀ.ਏ.ਯੂ. ਲੁਧਿਆਣਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਦੋਵੇਂ ਯੂਨਿਟਾਂ ਦੀ ਸਾਂਝੀ ਭਾਗੀਦਾਰੀ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜ਼ੋਰ ਦਿੱਤਾ ਕਿ ਜਵਾਨੀ ਜ਼ਿੰਮੇਵਾਰੀ ਲੈਣ ਅਤੇ ਹਿੰਮਤ ਨਾਲ ਅੱਗੇ ਵਧਣ ਦਾ ਸਭ ਤੋਂ ਵਧੀਆ ਸਮਾਂ ਹੈ। ਉਨ੍ਹਾਂ ਨੇ ਆਰਟੀਫੀਸ਼ਲ ਇੰਟੈਲੀਜੈਂਸ ਦੇ ਯੁੱਗ ਵਿੱਚ ਨੈਤਿਕ ਮੁੱਲਾਂ ਨੂੰ ਮਜ਼ਬੂਤ ਕਰਨ ਦੀ ਲੋੜ ਉਤੇ ਵੀ ਜ਼ੋਰ ਦਿੱਤਾ। ਸ੍ਰੀ ਬਿਰਜਿੰਦਰਪਾਲ ਸਿੰਘ, ਮੁੱਖ ਆਯੋਜਕ, ਸਟੱਡੀ ਸਰਕਲ ਨੇ ਇੱਛਾ-ਸ਼ਕਤੀ, ਹਿੰਮਤ ਅਤੇ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਉਤੇ ਰੌਸ਼ਨੀ ਪਾਈ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਆਦਤਾਂ ਅਪਣਾਉਣ ਅਤੇ ਧਾਰਮਿਕ-ਸੱਭਿਆਚਾਰਕ ਵਿਰਾਸਤ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਸਰਬਜੀਤ ਸਿੰਘ, ਮੁੱਖ ਵਕਤਾ ਨੇ “ਐਟੀਟਿਊਡ ਡਿਟਰਮਾਈਨਜ਼ ਐਲਟੀਟਿਊਡ: ਏ.ਆਈ. ਯੁੱਗ ਵਿੱਚ ਲੀਡਰਸ਼ਿਪ” ਵਿਸ਼ੇ ਉੱਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ ਦਾ ਸਹੀ ਉਪਯੋਗ ਕਰਕੇ ਆਪਣੇ ਕਰੀਅਰ ਨੂੰ ਏ.ਆਈ. ਪ੍ਰੂਫ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਹਿੰਮਤ, ਅਤੇ ਪਹਿਲਕਦਮੀ ਲੀਡਰਸ਼ਿਪ ਗੁਣਾਂ ਉਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਗਲੋਬਲ ਸੋਚ, ਅੰਤਰ-ਵਿਭਾਗੀ ਸਹਿਯੋਗ ਅਤੇ ਨਵੀਂ ਸੋਚ ਅਪਣਾਉਣ ਲਈ ਉਤਸ਼ਾਹਿਤ ਕੀਤਾ। ਸ੍ਰੀ ਗੁਰਮੀਤ ਸਿੰਘ, ਡਾਇਰੈਕਟਰ (ਓਵਰਸੀਜ਼), ਸਟੱਡੀ ਸਰਕਲ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਲੇਬਸ ਤੋਂ ਇਲਾਵਾ ਵਧੇਰੇ ਪੜ੍ਹਨ ਲਈ ਪ੍ਰੇਰਿਤ ਕੀਤਾ ਅਤੇ AI ਦੇ ਅਤਿ-ਵਰਤੋਂ ਦੇ ਮਾਨਸਿਕ ਸਿਹਤ ਉੱਤੇ ਨਕਾਰਾਤਮਕ ਪ੍ਰਭਾਵ ਬਾਰੇ ਚੇਤਾਵਨੀ ਦਿੱਤੀ। ਉਨ੍ਹਾਂ ਨੇ ਆਪਣੀ ਲਿਖੀ ਕਿਤਾਬ “ਸਿੱਖਸ ਇਨ ਬੈਂਕਿੰਗ” ਕਾਲਜ ਲਾਇਬ੍ਰੇਰੀ ਨੂੰ ਭੇਟ ਕੀਤੀ ਅਤੇ ਹੋਰ ਕਿਤਾਬਾਂ ਵਿਦਿਆਰਥੀਆਂ ਵਿੱਚ ਵੰਡੀਆਂ। ਪੀ.ਏ.ਯੂ. ਲੁਧਿਆਣਾ ਤੋਂ ਵਰਕਸ਼ਾਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਵਰਕਸ਼ਾਪ ਤੋਂ ਬਾਅਦ ਕਾਲਜ ਦਾ ਦੌਰਾ ਵੀ ਕਰਵਾਇਆ ਗਿਆ। ਅੰਤ ਵਿੱਚ, ਡਾ. ਮਨਮੋਹਨਜੀਤ ਸਿੰਘ, ਡੀਨ, ਪੀ.ਏ.ਯੂ.– ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਸਮੇਂ ਦਾ ਸਹੀ ਪ੍ਰਬੰਧ ਅਤੇ ਚੰਗੀ ਸੰਗਤ ਦੀ ਮਹੱਤਤਾ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਆਯੋਜਕ ਟੀਮ ਅਤੇ ਵਿਸ਼ੇਸ਼ ਵਕਤਾਵਾਂ ਦਾ ਧੰਨਵਾਦ ਕੀਤਾ ਅਤੇ ਮਹਿਮਾਨਾਂ ਨੂੰ ਪੌਦੇ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮਾਗਮ ਦਾ ਸੁਚੱਜਾ ਆਯੋਜਨ ਅਧਿਆਪਕ ਇੰਚਾਰਜ ਡਾ. ਜਸਕਿਰਨਦੀਪ ਕੌਰ ਅਤੇ ਵਿਦਿਆਰਥੀ ਅਰਸ਼ਦੀਪ ਸਿੰਘ ਅਤੇ ਜਸ਼ਨਪ੍ਰੀਤ ਕੌਰ ਨੇ ਕੀਤਾ।