ਅੰਮ੍ਰਿਤਸਰ : ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅੱਜ ਨਿਊ ਅੰਮ੍ਰਿਤਸਰ ਸਥਿਤ ਸਾਲਾਂ ਤੋਂ ਬੰਦ ਪਏ ਕਮਿਊਨਿਟੀ ਹਾਲ ਦਾ ਦੌਰਾ ਕਰਨ ਪਹੁੰਚੇ ਅਤੇ ਇਸ ਦੀ ਖਸਤਾ ਹਾਲਤ ’ਤੇ ਚਿੰਤਾ ਜਤਾਈ। ਉਨ੍ਹਾਂ ਇੰਪ੍ਰੂਵਮੈਂਟ ਟਰੱਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਨੂੰ ਅਪੀਲ ਕੀਤੀ ਕਿ ਇਸ ਕਮਿਊਨਿਟੀ ਹਾਲ ਨੂੰ ਤੁਰੰਤ ਲੋਕਾਂ ਲਈ ਖੋਲ੍ਹਿਆ ਜਾਵੇ ਅਤੇ ਜਨਤਾ ਦੇ ਹਵਾਲੇ ਕੀਤਾ ਜਾਵੇ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਇਕ ਕਾਂਗਰਸੀ ਵਰਕਰ ਦੇ ਦੇਹਾਂਤ ’ਤੇ ਅਫਸੋਸ ਜਤਾਉਣ ਪਹੁੰਚੇ ਸਨ, ਜਿੱਥੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਇਸ ਬੰਦ ਪਏ ਕਮਿਊਨਿਟੀ ਹਾਲ ਬਾਰੇ ਜਾਣਕਾਰੀ ਦਿੱਤੀ। ਮੌਕੇ ਦੇ ਨਿਰੀਖਣ ਦੌਰਾਨ ਉਨ੍ਹਾਂ ਕਿਹਾ ਕਿ ਇਹ ਹਾਲ ਪਿਛਲੀ ਸਰਕਾਰ ਦੇ ਸਮੇਂ ਤਿਆਰ ਹੋ ਚੁੱਕਾ ਸੀ, ਪਰ ਕੁਝ ਵਿਜੀਲੈਂਸ ਕਾਰਵਾਈ ਕਾਰਨ ਲੰਬੇ ਸਮੇਂ ਤੋਂ ਬੰਦ ਪਿਆ ਹੈ।
ਔਜਲਾ ਨੇ ਕਿਹਾ ਕਿ ਵਿਜੀਲੈਂਸ ਕਾਰਵਾਈ ਕਿਸੇ ਵਿਅਕਤੀ ’ਤੇ ਹੋ ਸਕਦੀ ਹੈ, ਪਰ ਇਸ ਦਾ ਖਮਿਆਜ਼ਾ ਜਨਤਾ ਦੀ ਸੰਪਤੀ ਨੂੰ ਨਹੀਂ ਭੁਗਤਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣੀ ਇਹ ਇਮਾਰਤ ਅੱਜ ਚੋਰਾਂ ਅਤੇ ਨਸ਼ੇੜੀਆਂ ਦਾ ਅੱਡਾ ਬਣਦੀ ਜਾ ਰਹੀ ਹੈ, ਜੋ ਬਹੁਤ ਦੁੱਖਦਾਈ ਹੈ।
ਉਨ੍ਹਾਂ ਕਿਹਾ ਕਿ ਜੇ ਜਲਦੀ ਇਸ ਇਮਾਰਤ ਨੂੰ ਨਾ ਖੋਲ੍ਹਿਆ ਗਿਆ ਤਾਂ ਇਸ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ। ਪਾਣੀ ਟਪਕਣ ਅਤੇ ਸੰਭਾਲ ਦੀ ਕਮੀ ਕਾਰਨ ਇਮਾਰਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਕਮਿਊਨਿਟੀ ਹਾਲ ਨੂੰ ਜਲਦ ਲੋਕਾਂ ਨੂੰ ਸਮਰਪਿਤ ਕੀਤਾ ਜਾਵੇ ਤਾਂ ਜੋ ਇਲਾਕੇ ਦੇ ਸਮਾਜਿਕ ਅਤੇ ਭਾਈਚਾਰਕ ਪ੍ਰੋਗਰਾਮਾਂ ਲਈ ਇਸਦੀ ਵਰਤੋਂ ਹੋ ਸਕੇ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪ੍ਰਸ਼ਾਸਨ ਕੋਲ ਤੁਰੰਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਬਣੀਆਂ ਇਮਾਰਤਾਂ ਬੰਦ ਨਹੀਂ ਰਹਿਣੀਆਂ ਚਾਹੀਦੀਆਂ, ਸਗੋਂ ਲੋਕਾਂ ਦੇ ਕੰਮ ਆਉਣੀਆਂ ਚਾਹੀਦੀਆਂ ਹਨ।