ਖਰੜ : ਅੱਜ ਪੂਰਾ ਪੰਜਾਬ ਅੱਤ ਦੀ ਗਰਮੀ ਅਤੇ ਲੰਮੇ ਬਿਜਲੀ ਕੱਟਾਂ ਦੀ ਦੋਹਰੀ ਮਾਰ ਝੱਲ ਰਿਹਾ ਹੈ। ਸੂਬੇ ਵਿੱਚ ਬਿਜਲੀ ਦੀ ਮੰਗ 12,114 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ, ਜਿਸ ਕਾਰਨ ਰੋਜ਼ਾਨਾ ਲਗਭਗ 197 ਲੱਖ ਯੂਨਿਟ ਬਿਜਲੀ ਦੀ ਘਾਟ ਸਾਹਮਣੇ ਆ ਰਹੀ ਹੈ। ਇਹ ਹਾਲਾਤ ਸਾਫ ਦਰਸਾਉਂਦੇ ਹਨ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਦੇਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।ਚੋਣਾਂ ਦੌਰਾਨ ਭਗਵੰਤ ਮਾਨ ਸਰਕਾਰ ਨੇ ਹਰ ਘਰ ਨੂੰ 300 ਯੂਨਿਟ ਮੁਫ਼ਤ ਬਿਜਲੀ ਅਤੇ 24 ਘੰਟੇ ਨਿਰਵਿਘਨ ਸਪਲਾਈ ਦੇ ਵੱਡੇ ਵਾਅਦੇ ਕੀਤੇ ਸਨ। ਲੋਕਾਂ ਨੂੰ ਇਹ ਭਰੋਸਾ ਦਿਵਾਇਆ ਗਿਆ ਸੀ ਕਿ ਪੰਜਾਬ ਤੋਂ ਬਿਜਲੀ ਕੱਟਾਂ ਦਾ ਅੰਤ ਕੀਤਾ ਜਾਵੇਗਾ। ਪਰ ਅੱਜ ਜ਼ਮੀਨੀ ਹਕੀਕਤ ਇਹ ਹੈ ਕਿ ਲੋਕਾਂ ਨੂੰ ਮੁਫ਼ਤ ਬਿਜਲੀ ਤਾਂ ਦੂਰ ਦੀ ਗੱਲ, ਬੁਨਿਆਦੀ ਸਪਲਾਈ ਵੀ ਨਸੀਬ ਨਹੀਂ ਹੋ ਰਹੀ।ਸਰਕਾਰੀ ਅੰਕੜਿਆਂ ਮੁਤਾਬਕ ਥਰਮਲ ਪਲਾਂਟਾਂ ਕੋਲ ਕੋਲੇ ਦਾ ਪੂਰਾ ਸਟਾਕ ਮੌਜੂਦ ਹੈ ਅਤੇ ਭਾਖੜਾ ਵਰਗੇ ਡੈਮਾਂ ਵਿੱਚ ਪਾਣੀ ਦਾ ਪੱਧਰ ਵੀ ਪਿਛਲੇ ਸਾਲ ਨਾਲੋਂ ਬਿਹਤਰ ਹੈ। ਇਸਦੇ ਬਾਵਜੂਦ, ਪਿੰਡਾਂ ਵਿੱਚ 8 ਤੋਂ ਸਾਢੇ 8 ਘੰਟੇ ਅਤੇ ਸ਼ਹਿਰਾਂ ਵਿੱਚ 4-4 ਘੰਟੇ ਦੇ ਅਣਐਲਾਨੇ ਬਿਜਲੀ ਕੱਟ ਲਗ ਰਹੇ ਹਨ।ਇਹ ਸਾਫ ਦਰਸਾਉਂਦਾ ਹੈ ਕਿ ਸੰਕਟ ਦੀ ਜੜ੍ਹ ਕਮੀ ਨਹੀਂ, ਸਗੋਂ ਸਰਕਾਰ ਦੀ ਨਾਕਾਮ ਯੋਜਨਾਬੰਦੀ ਅਤੇ ਪ੍ਰਬੰਧਕੀ ਕਮਜ਼ੋਰੀ ਹੈ। ਤਕਨੀਕੀ ਖਰਾਬੀਆਂ ਅਤੇ ਬਿਜਲੀ ਮਹਿਕਮੇ ਵਿੱਚ ਸਟਾਫ ਦੀ ਭਾਰੀ ਘਾਟ ਕਾਰਨ ਇਹ ਕੱਟ ਹੋਰ ਵੀ ਲੰਮੇ ਹੋ ਰਹੇ ਹਨ।ਅੱਧੀ ਰਾਤ ਨੂੰ ਬਿਜਲੀ ਗੁੱਲ ਰਹਿਣ ਕਾਰਨ ਬਜ਼ੁਰਗਾਂ, ਮਰੀਜ਼ਾਂ ਅਤੇ ਛੋਟੇ ਬੱਚਿਆਂ ਨੂੰ ਗੰਭੀਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਵਪਾਰੀਆਂ ਦੇ ਕਾਰੋਬਾਰ ‘ਤੇ ਵੀ ਇਸਦਾ ਸਿੱਧਾ ਨੁਕਸਾਨ ਹੋ ਰਿਹਾ ਹੈ।ਪੰਜਾਬ ਦੇ ਲੋਕ ਇਸ ਵੇਲੇ ਬੇਹਾਲ ਹਨ ਅਤੇ ਰਾਹਤ ਦੀ ਉਡੀਕ ਕਰ ਰਹੇ ਹਨ। ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸਿਰਫ਼ ਐਲਾਨਾਂ ਦੀ ਬਜਾਏ ਜ਼ਮੀਨੀ ਹੱਲ ਦਿੱਤੇ ਜਾਣ ਅਤੇ ਤੁਰੰਤ ਪ੍ਰਭਾਵ ਨਾਲ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ।