ਸੁਨਾਮ : ਦੀ ਪੈਨਸ਼ਨਰ ਵੈਲਫ਼ੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਪ੍ਰਧਾਨ ਰਾਮ ਸਰੂਪ ਢੈਪਈ ਦੀ ਪ੍ਰਧਾਨਗੀ ਹੇਠ ਪੈਨਸ਼ਨ ਭਵਨ ਤਹਿਸੀਲ ਕੰਪਲੈਕਸ ਸੁਨਾਮ ਵਿਖੇ ਹੋਈ । ਮੀਟਿੰਗ ਵਿੱਚ ਹਾਜ਼ਰ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਜ਼ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਬੋਲਦਿਆਂ ਪ੍ਰਧਾਨ ਰਾਮ ਸਰੂਪ ਢੈਪਈ, ਜੀਤ ਸਿੰਘ ਬੰਗਾ ਜਰਨਲ ਸਕੱਤਰ, ਭੁਪਿੰਦਰ ਸਿੰਘ ਛਾਜਲੀ, ਬ੍ਰਿਜ ਲਾਲ ਧੀਮਾਨ, ਬਲਵਿੰਦਰ ਸਿੰਘ ਜਿਲੇਦਾਰ ਅਤੇ ਪਵਨ ਕੁਮਾਰ ਸ਼ਰਮਾ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਪੈਨਸ਼ਨਰਾਂ ਦਾ ਬਕਾਇਆ ਦੇਣ ਵਿੱਚ ਲਗਾਤਾਰ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਨੂੰ ਇੰਨਬਿੰਨ ਲਾਗੂ ਕਰਕੇ ਪੰਜਾਬ ਸਰਕਾਰ ਪੈਨਸ਼ਨਰਾਂ ਦਾ ਬਕਾਇਆ ਦੇਣ ਨੂੰ ਯਕੀਨੀ ਬਣਾਵੇ। ਉਨ੍ਹਾਂ ਆਖਿਆ ਕਿ ਸੂਬੇ ਵਿਚ ਹੋਈਆਂ ਆਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੈਨਸ਼ਨਰਾਂ ਅਤੇ ਮੁਲਾਜ਼ਮ ਵਰਗ ਦੀਆਂ ਮੰਗਾਂ ਪੂਰੀਆਂ ਕਰਨ ਦਾ ਐਲਾਨ ਕੀਤਾ ਸੀ ਲੇਕਿਨ ਸਰਕਾਰ ਬਣਨ ਤੋਂ ਬਾਅਦ ਸਰਕਾਰ ਨੇ ਟਾਲਾ ਵੱਟ ਲਿਆ। ਇਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਬੁਲਾਰਿਆਂ ਨੇ ਆਖਿਆ ਕਿ ਮਜ਼ਦੂਰ ਦਿਹਾੜੇ ਮੌਕੇ ਕੇਂਦਰ ਅਤੇ ਸੂਬਾ ਸਰਕਾਰ ਦੀਆਂ ਨੀਤੀਆਂ ਨੂੰ ਜਨਤਾ ਦੇ ਵਿਚ ਉਜਾਗਰ ਕੀਤਾ ਜਾਵੇਗਾ। ਸੀਨੀਅਰ ਸਿਟੀਜ਼ਨਾਂ ਦੀ ਬੈਂਕਾਂ ਅਤੇ ਸਿਵਲ ਹਸਪਤਾਲ ਵਿੱਚ ਹੋ ਰਹੀ ਖੱਜਲ ਖੁਆਰੀ ਬਾਰੇ ਗੰਭੀਰ ਚਰਚਾ ਕੀਤੀ ਗਈ ਭਵਿੱਖ ਵਿੱਚ ਅਜਿਹੇ ਮਸਲਿਆਂ ਦੇ ਹੱਲ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਰਾਜ ਕੁਮਾਰ ਖੀਪਲਾ, ਅੰਗਰੇਜ਼ ਸਿੰਘ ਚੀਮਾਂ, ਸੁਖਜੀਤ ਸਿੰਘ ਚੀਮਾਂ, ਜਸਵੰਤ ਸਿੰਘ ਅਸਮਾਨੀ ,ਆਸਾ ਸਿੰਘ ਰਾਏ ਆਦਿ ਸਾਥੀਆਂ ਨੇ ਅਪਣੀ ਰਾਏ ਦਿਤੀ।