ਕੋਟਕਪੂਰਾ : ਸਾਦਿਕ ਪੰਚਾਇਤ ਦੀਆਂ ਦੁਕਾਨਾਂ ਦੇ ਕਿਰਾਏ ਵਿੱਚ ਹਰ ਸਾਲ 5 ਫੀਸਦੀ ਵਾਧੇ ਦੇ ਮਾਮਲਨੂੰ ਲੈ ਕੇ ਉੱਠਾਈ ਗਈ ਜਨਹਿਤ ਆਵਾਜ਼ ’ਤੇ ਪੰਜਾਬ ਸਰਕਾਰ ਵੱਲੋਂ ਤੁਰਤ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ.), ਫਰੀਦਕੋਟ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਨੂੰ 27 ਅਪ੍ਰੈਲ 2026 ਤੱਕ ਵਿਸਥਾਰਪੂਰਕ ਰਿਪੋਰਟ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਮਾਮਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਅਰਸ਼ ਸੱਚਰ ਸਮਾਜ ਸੇਵਕ ਅਤੇ ਸੀਨੀਅਰ ਆਗੂ ਆਮ ਆਦਮੀ ਪਾਰਟੀ ਫਰੀਦਕੋਟ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਕਦਮ ਸਾਬਤ ਕਰਦਾ ਹੈ ਕਿ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣ ਰਹੀ ਹੈ ਅਤੇ ਤੁਰਤ ਐਕਸ਼ਨ ਵੀ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਸਾਦਿਕ ਦੇ ਛੋਟੇ ਦੁਕਾਨਦਾਰ ਲੰਮੇ ਸਮੇਂ ਤੋਂ ਕਿਰਾਏ ਵਿੱਚ ਹੋ ਰਹੇ ਵਾਧੇ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਹੇ ਹਨ। ਕਈ ਵਪਾਰੀ ਪਹਿਲਾਂ ਹੀ ਕਰਜ਼ੇ ਹੇਠ ਹਨ ਅਤੇ ਇਸ ਤਰ੍ਹਾਂ ਦੇ ਲਗਾਤਾਰ ਵਾਧੇ ਨਾਲ ਉਨ੍ਹਾਂ ਲਈ ਆਪਣਾ ਕਾਰੋਬਾਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਅਰਸ਼ ਸੱਚਰ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ ਇੱਕ ਸ਼ੁਰੂਆਤੀ ਕਦਮ ਹੈ ਅਤੇ ਜਦ ਤੱਕ ਛੋਟੇ ਵਪਾਰੀਆਂ ਨੂੰ ਪੂਰਾ ਨਿਆਂ ਨਹੀਂ ਮਿਲਦਾ, ਇਹ ਜਨਹਿਤ ਲੜਾਈ ਜਾਰੀ ਰਹੇਗੀ। ਉਨ੍ਹਾਂ ਨੇ ਮੰਗ ਕੀਤੀ ਕਿ ਹਰ ਸਾਲ 5 ਫੀਸਦੀ ਕਿਰਾਇਆ ਵਾਧੇ ਦੀ ਨੀਤੀ ’ਤੇ ਤੁਰਤ ਪੁਨਰਵਿਚਾਰ ਕਰਾਉਣ, ਛੋਟੇ ਵਪਾਰੀਆਂ ਲਈ ਨਿਆਂਪੂਰਨ ਅਤੇ ਪਾਰਦਰਸ਼ੀ ਕਿਰਾਇਆ ਨੀਤੀ ਬਣਾਉਣ, ਬੋਲੀ ਰੱਦ ਕਰਨ ਦੇ ਮਾਮਲੇ ਦੀ ਨਿਰਪੱਖ ਜਾਂਚ ਕਰਾਉਣ ਅਤੇ ਆਰਥਿਕ ਤੌਰ ’ਤੇ ਪ੍ਰਭਾਵਿਤ ਵਪਾਰੀਆਂ ਲਈ ਰਾਹਤ ਪੈਕੇਜ ਵਿਚਾਰਿਆ ਜਾਵੇ। ਉਨ੍ਹਾਂ ਨੇ ਆਖਿਆ ਕਿ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਵਪਾਰੀ-ਹਿਤ ਅਤੇ ਨਿਆਂਪੂਰਨ ਫੈਸਲਾ ਲਿਆ ਜਾਵੇਗਾ। ਅੰਤ ਵਿੱਚ ਅਰਸ਼ ਸੱਚਰ ਨੇ ਇਸ ਮੁੱਦੇ ’ਤੇ ਇਕਜੁੱਟ ਹੋ ਕੇ ਆਵਾਜ਼ ਉਠਾਉਣ ਵਾਲੇ ਸਾਰੇ ਵਪਾਰੀ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਨਹਿਤ ਦੇ ਮਾਮਲਿਆਂ ਵਿੱਚ ਲੋਕਾਂ ਦੀ ਭਾਗੀਦਾਰੀ ਹੀ ਬਦਲਾਅ ਦੀ ਅਸਲ ਤਾਕਤ ਹੈ।