ਕੋਟਕਪੂਰਾ : ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ, ਨਵੀਂ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀਆਂ ਹਦਾਇਤਾਂ ਤੇ ਅੱਜ ਜ਼ਿਲ੍ਹਾ ਫਰੀਦਕੋਟ ਵਿੱਚ ਸਿਵਲ ਡਿਫੈਂਸ ਏਅਰ ਰੇਡ/ਬਲੈਕਆਉਟ ਮੌਕ ਐਕਸਰਸਾਈਜ਼ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ, ਕੋਟਕਪੂਰਾ ਵਿਖੇ ਸਫਲਤਾਪੂਰਵਕ ਕਰਵਾਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਡੀ.ਐੱਮ ਸੁਖਰਾਜ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਮੌਕ ਐਕਸਰਸਾਈਜ਼ ਦਾ ਮੁੱਖ ਉਦੇਸ਼ ਜ਼ਿਲ੍ਹੇ ਵਿੱਚ ਸਿਵਲ ਡਿਫੈਂਸ ਪ੍ਰਣਾਲੀ ਦੀ ਤਿਆਰੀ ਅਤੇ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਦੀ ਜਾਂਚ ਕਰਨਾ ਸੀ। ਉਨ੍ਹਾਂ ਦੱਸਿਆ ਕਿ ਸ਼ਾਮ 7:00 ਵਜੇ ਮੌਕ ਐਕਸਰਸਾਈਜ਼ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਕੀਤੀ ਗਈ, ਜਿਸ ਦੌਰਾਨ ਸਾਇਰਨਾਂ ਰਾਹੀਂ ਉੱਚ-ਨੀਵੀਂ ਧੁਨੀ ਵਿੱਚ ਲਗਾਤਾਰ 2 ਮਿੰਟ ਲਈ ਸਿਗਨਲ ਵਜਾਇਆ ਗਿਆ। ਉਨ੍ਹਾਂ ਹੋਰ ਦੱਸਿਆ ਕਿ ਮੌਕ ਡ੍ਰਿਲ ਦੌਰਾਨ ਫਾਇਰ ਰਿਸਪਾਂਸ, ਸਰਚ ਐਂਡ ਰੈਸਕਿਊ, ਫਸਟ ਏਡ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਢੰਗ ਨਾਲ ਬਾਹਰ ਕੱਢਣ ਅਤੇ ਟਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਵਰਗੀਆਂ ਕਾਰਵਾਈਆਂ ਦੀ ਸਫਲ ਰਿਹਰਸਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਅਭਿਆਸ ਦੇ ਸਮਾਪਤ ਹੋਣ ਉਪਰੰਤ ‘ਆਲ ਕਲੀਅਰ’ ਸਿਗਨਲ ਵੀ ਵਜਾਇਆ ਗਿਆ, ਜਿਸ ਨਾਲ ਮੌਕ ਐਕਸਰਸਾਈਜ਼ ਦੇ ਖਤਮ ਹੋਣ ਦੀ ਘੋਸ਼ਣਾ ਕੀਤੀ ਗਈ। ਇਸ ਮੌਕੇ ਗੁਰਚਰਨ ਸਿੰਘ ਬਰਾੜ ਨਾਇਬ ਤਹਿਸੀਲਦਾਰ ਕੋਟਕਪੂਰਾ, ਨਿਰਮਲ ਸਿੰਘ ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਆਫਿਸ, ਧਰਮਾਸ਼ੂ ਯਾਦਵ ਸਬ ਇੰਸਪੈਕਟਰ ਐਨ ਡੀ ਆਰ ਐਫ਼ ਆਦਿ ਵੀ ਹਾਜ਼ਰ ਸਨ।