ਦੇਵੀਗੜ੍ਹ : ਹਲਕੇ ਵਿੱਚ ਵਿਕਾਸੀ ਕੰਮਾਂ ਨੂੰ ਹੋਰ ਤੇਜ਼ੀ ਦੇਂਦੇ ਹੋਏ ਰਣਜੋਧ ਸਿੰਘ ਹਡਾਣਾ, ਸ਼ਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਕੌਂਸਲ ਦੇਵੀਗੜ੍ਹ ਵਲੋਂ ਦੇਵੀਗੜ੍ਹ ਵਿਖੇ ਨਗਰ ਕੌਂਸਲ ਦਫ਼ਤਰ ਦੇ ਨੇੜੇ ਕਰੀਬ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੜਕ ਦਾ ਰਸਮੀ ਨੀਂਹ ਪੱਥਰ ਰੱਖਿਆ ਗਿਆ.
ਇਸ ਮੌਕੇ ਪ੍ਰਧਾਨ ਬਲਦੇਵ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਦੁਧਨ ਸਾਧਾਂ, ਈਓ ਬੂਟਾ ਸਿੰਧ, ਰਾਜਾ ਧੰਜੂ ਦੇਵੀਗੜ੍ਹ, ਪ੍ਰੇਮਪਾਲ ਖਨੇਜਾ, ਕਰਮਜੀਤ ਸਿੰਘ ਐਮ ਸੀ, ਲਾਡੀ ਮਹਿਰਾ ਐਮ ਸੀ, ਬੂਟਾ ਸਿੰਘ ਥਿੰਦ ਐਮ.ਸੀ, ਬਲਿਹਾਰ ਰਾਮ ਐਮ ਵੀ, ਰਾਜਪਾਲ ਸਿੰਘ ਐਮ.ਸੀ, ਸੁਖਵਿੰਦਰ ਐਮ.ਸੀ, ਗੁਰਿੰਦਰ ਸਿੰਘ ਰਾਜੂ, ਜੇ ਈ ਕੁਲਜਿੰਦਰ ਸਿੰਘ, ਏ.ਐੱਮ.ਈ.ਅਮਿਤ ਕੁਮਾਰ, ਵੇਦ ਪ੍ਰਕਾਸ਼ ਪ੍ਰਧਾਨ ਵਪਾਰ ਵਿੰਗ ਤੋਂ ਇਲਾਵਾ ਇਲਾਕੇ ਦੇ ਪਤਵੰਤੇ, ਸਥਾਨਕ ਵਾਸੀ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ.
ਉਦਘਾਟਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਇਲਾਕੇ ਦੀਆਂ ਸੜਕਾਂ ਨੂੰ ਮਜ਼ਬੂਤ ਅਤੇ ਸੁਧਾਰਨਾ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਲੰਬੇ ਸਮੇਂ ਤੋਂ ਖ਼ਰਾਬ ਹਾਲਤ ਵਿੱਚ ਸੀ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿੱਚ ਮੁਸ਼ਕਲਾਂ ਆ ਰਹੀਆਂ ਸਨ। ਹੁਣ ਇਸ ਦੇ ਨਵੇਂ ਰੂਪ ਨਾਲ ਨਾ ਸਿਰਫ਼ ਆਵਾਜਾਈ ਸੁਖਾਲੀ ਹੋਵੇਗੀ, ਸਗੋਂ ਇਲਾਕੇ ਦੀ ਸੁੰਦਰਤਾ ਵਿੱਚ ਵੀ ਵਾਧਾ ਹੋਵੇਗਾ।
ਸ਼ਵਿੰਦਰ ਕੌਰ ਧੰਜੂ ਨੇ ਵੀ ਇਸ ਮੌਕੇ ਕਿਹਾ ਕਿ ਸ਼ਹਿਰੀ ਅਤੇ ਪਿੰਡ ਪੱਧਰ ’ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਦੇਣਾ ਹੀ ਸਰਕਾਰ ਦਾ ਮੁੱਖ ਮਕਸਦ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵਿਕਾਸੀ ਪ੍ਰੋਜੈਕਟ ਲਾਗੂ ਕੀਤੇ ਜਾਣਗੇ।
ਇਸ ਮੌਕੇ ਸਥਾਨਕ ਵਾਸੀਆਂ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਇਹ ਸੜਕ ਬਣਨ ਨਾਲ ਉਨ੍ਹਾਂ ਦੀਆਂ ਕਾਫ਼ੀ ਸਮੱਸਿਆਵਾਂ ਦਾ ਹੱਲ ਹੋ ਗਿਆ ਹੈ। ਉਨ੍ਹਾਂ ਨੇ ਹਡਾਣਾ ਅਤੇ ਧੰਜੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਕਦੇ ਇਸ ਤਰ੍ਹਾਂ ਦੀ ਵਿਕਾਸੀ ਗਤੀ ਨਹੀਂ ਦੇਖੀ ਗਈ।
ਅੰਤ ਵਿੱਚ ਆਗੂਆਂ ਨੇ ਭਰੋਸਾ ਦਿਵਾਇਆ ਕਿ ਹਲਕੇ ਦੇ ਹਰ ਖੇਤਰ ਵਿੱਚ ਇਸੇ ਤਰ੍ਹਾਂ ਦੇ ਵਿਕਾਸੀ ਕੰਮ ਜਾਰੀ ਰਹਿਣਗੇ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ।
ਫੋਟੋ ਕੈਪਸ਼ਨ: ਦੇਵੀਗੜ੍ਹ ਨਗਰ ਕੌਂਸਲ ਦਫ਼ਤਰ ਨੇੜੇ ਨਵੀਂ ਬਣੀ ਸੜਕ ਦਾ ਉਦਘਾਟਨ ਕਰਦੇ ਹੋਏ ਰਣਜੋਧ ਸਿੰਘ ਹਡਾਣਾ ਅਤੇ ਸ਼ਵਿੰਦਰ ਕੌਰ ਧੰਜੂ ਨਾਲ ਪਤਵੰਤੇ।