ਜ਼ੀਰਕਪੁਰ : ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਜ਼ੀਰਕਪੁਰ ਦੇ ਪਿੰਡ ਨਗਲਾ ਤੋਂ ਸ਼ਰਧਾਲੂਆਂ ਦੀ 25ਵੀਂ ਬੱਸ ਨੂੰ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਯਾਤਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਯੋਜਨਾ ਸਾਡੇ ਬਜ਼ੁਰਗਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਦਾਨ ਕਰਦੀ ਹੈ, ਜੋ ਕਿ ਭਗਵੰਤ ਸਿੰਘ ਮਾਨ ਸਰਕਾਰ ਦੀ ਇਕ ਸਰਾਹਣਯੋਗ ਪਹਿਲ ਹੈ। ਉਨ੍ਹਾਂ ਦੱਸਿਆ ਕਿ ਤਿੰਨ ਦਿਨਾਂ ਦੀ ਇਸ ਯਾਤਰਾ ਦੌਰਾਨ ਸੰਗਤਾਂ ਨੂੰ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਵਾਲਮੀਕਿ ਤੀਰਥ ਸਥਲ ਦੇ ਦਰਸ਼ਨਾਂ ਤੋਂ ਇਲਾਵਾ ਹੋਰ ਇਤਿਹਾਸਕ ਤੇ ਅਹਿਮ ਸਥਾਨਾਂ ਜਿਵੇਂ ਜਲ੍ਹਿਆਂਵਾਲਾ ਬਾਗ਼ ਤੇ ਵਾਹਗਾ ਸਰਹੱਦ ਦਿਖਾਏ ਜਾਣਗੇ। ਉਨ੍ਹਾਂ ਕਿਹਾ ਕਿ ਯਾਤਰਾ ਦੌਰਾਨ ਜਿੱਥੇ ਭਾਈਚਾਰਕ ਸਾਂਝਾਂ ਬਣਨਗੀਆਂ ਉੱਥੇ ਕਈਆਂ ਦੀ ਧਾਰਮਿਕ ਯਾਤਰਾ ਦੀ ਉਮੰਗ ਵੀ ਪੂਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਬਜ਼ੁਰਗਾਂ ਦੇ ਚਿਹਰਿਆਂ ‘ਤੇ ਖੁਸ਼ੀ ਅਤੇ ਮਨਾਂ ਵਿੱਚ ਸ਼ਰਧਾ ਦੇ ਨਾਲ ਯਾਤਰਾ ਲਈ ਰਵਾਨਾ ਹੋਣਾ ਸਾਡੇ ਲਈ ਮਾਣ ਦੀ ਗੱਲ ਹੈ। ਇਸ ਤਰ੍ਹਾਂ ਦੀਆਂ ਪਹਿਲਾਂ ਸਮਾਜ ਵਿੱਚ ਆਧਿਆਤਮਿਕਤਾ ਅਤੇ ਸਾਂਝੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਵਿਧਾਇਕ ਰੰਧਾਵਾ ਨੇ ਇਹ ਵੀ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਇਹ ਯੋਜਨਾ ਲਗਾਤਾਰ ਜਾਰੀ ਰਹੇਗੀ ਤਾਂ ਜੋ ਵੱਧ ਤੋਂ ਵੱਧ ਸ਼ਰਧਾਲੂ ਇਸ ਦਾ ਲਾਭ ਲੈ ਸਕਣ। ਇਸ ਮੌਕੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਅਤੇ ਇਲਾਕੇ ਦੇ ਪ੍ਰਮੁੱਖ ਵਿਅਕਤੀ ਵੀ ਹਾਜ਼ਰ ਸਨ।