ਅੰਮ੍ਰਿਤਸਰ/ਅਜਨਾਲਾ : ਅੱਜ ਵਿਧਾਨ ਸਭਾ ਹਲਕਾ ਅਜਨਾਲਾ ਵਿੱਚ ਬਲਾਕ ਸੰਮਤੀ ਅਜਨਾਲਾ ਦੇ ਚੇਅਰਪਰਸਨ ਬੀਬੀ ਸਵਿੰਦਰ ਕੌਰ, ਤੇ ਉੱਪ ਚੇਅਰਮੈਨ ਸ. ਸਰਬਜੀਤ ਸਿੰਘ, ਬਲਾਕ ਸੰਮਤੀ ਰਮਦਾਸ ਦੇ ਚੇਅਰਮੈਨ ਸ. ਪ੍ਰਿਥੀਪਾਲ ਸਿੰਘ ਵਾਹਲਾ ਤੇ ਉੱਪ ਚੇਅਰਪਰਸਨ ਬੀਬੀ ਪਲਵਿੰਦਰ ਕੌਰ ਨੂੰ ਆਪਣੇ ਆਹੁਦਿਆਂ ਤੇ ਰਸਮੀ ਤੌਰ ਤੇ ਬਿਰਾਜਮਾਨ ਕਰਵਾਉਣ ਮੌਕੇ ਕਰਵਾਏ ਗਏ ਪ੍ਰਭਾਵਸ਼ਾਲੀ ਸਮਾਗਮਾਂ ‘ਚ ਬਤੌਰ ਮੁੱਖ ਮਹਿਮਾਨ ਵੱਜੋਂ ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਹੋਏ। ਇਨ੍ਹਾਂ ਚੇਅਰਮੈਨਾਂ ਤੇ ਉੱਪ ਚੇਅਰਮੈਨਾਂ ਨੂੰ ਆਹੁਦੇ ਸੰਭਾਲਣ ਮੌਕੇ ਸ. ਧਾਲੀਵਾਲ ਨੇ ਸਨਮਾਨਿਤ ਕਰਦਿਆਂ ਹਾਰਦਿਕ ਸ਼ੁੱਭ ਕਾਮਨਾਵਾਂ ਭੇਂਟ ਕੀਤੀਆਂ। ਉਪਰੰਤ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਪੇਂਡੂ ਵਿਕਾਸ ‘ਚ ਗ੍ਰਾਮ ਪੰਚਾਇਤਾਂ ਦੇ ਨਾਲ ਜ਼ਿਲਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੇ ਮੈਂਬਰਾਂ/ ਚੇਅਰਮੈਨਾਂ/ ਉੱਪ ਚੇਅਰਮੈਨਾਂ ਅਤੇ ਸ਼ਹਿਰੀ ਵਿਕਾਸ ‘ਚ ਨਗਰ ਨਿਗਮਾਂ/ ਨਗਰ ਕੌਂਸਲਾਂ, ਦਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੇ ਬਲਾਕ ਸੰਮਤੀਆਂ ਦੇ ਨਵੇਂ ਚੁਣੇ ਗਏ ਚੇਅਰਮੈਨਾਂ ਤੇ ਉੱਪ ਚੇਅਰਮੈਨਾਂ ਸਮੇਤ ਮੈਂਬਰਾਂ ਨੂੰ ਪੇਂਡੂ ਵਿਕਾਸ ‘ਚ ਆਪਣੀ ਜਿੰਮੇਵਾਰੀ ਪੂਰੀ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਿਛਲੀਆਂ ਸਾਬਕਾ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਵਲੋਂ ਪੇਂਡੂ ਤੇ ਸ਼ਹਿਰੀ ਵਿਕਾਸ ‘ਚ ਪਾਏ ਗਏ ਪਾੜੇ ਨੂੰ ਦੂਰ ਕਰਨ ਲਈ ਪੰਜਾਬ ਦੇ ਹੁਣ ਤੱਕ ਦੇ ਇਤਿਹਾਸ ‘ਚ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਆਤਮ ਨਿਰਭਰ ਤੇ ਮਾਡਲ ਪਿੰਡਾਂ ਵੱਜੋਂ ਵਿਕਸਿਤ ਕਰਨ ਦੇ ਠੋਸ ਵਿਜ਼ਨ ਨੂੰ ਅਮਲ ਵਿੱਚ ਲਿਆਂਦਾ ਹੈ। ਜਿਸ ਦੇ ਨਤੀਜੇ ਵੱਜੋਂ ਪੇਂਡੂ ਨਾਗਰਿਕਾਂ ਦੀ ਸ਼ਹਿਰਾਂ ਵੱਲ ਹੁੰਦੀ ਮਜਬੂਰੀ ‘ਚ ਹਿਜ਼ਰਤ ਨੂੰ ਕਾਫੀ ਹੱਦ ਤੱਕ ਠੱਲ ਪਈ ਹੈ। ਸ. ਧਾਲੀਵਾਲ ਨੇ ਦਾਅਵਾ ਕੀਤਾ ਕਿ ਪੇਂਡੂ ਤੇ ਸ਼ਹਿਰੀ ਵਿਕਾਸ ‘ਚ ਗ੍ਰਾਂਟਾ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ। ਸ. ਧਾਲੀਵਾਲ ਨੇ ਆਪਣੇ ਸੰਬੋਧਨ ‘ਚ ਇਹ ਵੀ ਪ੍ਰਗਟਾਵਾ ਕੀਤਾ ਕਿ ਪੰਜਾਬ ਭਰ ‘ਚ ਖੇਡ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ 3100 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾ ਰਹੇ ਦਰਜਨਾਂ ਪਿੰਡਾਂ ‘ਚ ਮਾਡਲ ਖੇਡ ਮੈਦਾਨਾਂ, 10 ਲੱਖ ਰੁਪਏ ਤੱਕ ਪੰਜਾਬ ਦੇ 3 ਕਰੋੜ ਨਾਗਰਿਕਾਂ ਨੂੰ ਮੁਫਤ ਸਿਹਤ ਬੀਮਾ ਦਾ ਬਿਨ੍ਹਾਂ ਸ਼ਰਤ ਲਾਭ, ਹਰੇਕ ਘਰੇਲੂ ਬਿਜਲੀ ਖਪਤਕਾਰਾਂ ਨੂੰ ਬਿਨ੍ਹਾਂ ਕਿਸੇ ਜਾਤੀ ਭੇਦਭਾਵ ਤੋਂ 600 ਯੁਨਿਟ ਮੁਫਤ ਬਿਜਲੀ ਸਪਲਾਈ ਦੇ ਕੇ ਪ੍ਰਤੀ ਖਪਤਕਾਰ 5000 ਰੁਪਏ ਦੇ ਕਰੀਬ ਵਿੱਤੀ ਲਾਭ ਪਹੁੰਚਾਉਣ, ਸਿੱਖਿਆ ਕ੍ਰਾਂਤੀ ‘ਚ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਸਮੇਤ ਸਿੱਖਿਆ ਦੇ ਮਿਆਰ ਨੂੰ ਦੇਸ਼ ਪੱਧਰੀ ਰੁਤਬਾ ਦਿਵਾਉਣ , ਮਿਆਰੀ ਮੁਫਤ ਸਿਹਤ ਸਹੂਲਤਾਂ ਲਈ ਆਮ ਆਦਮੀ ਪਾਰਟੀ ਕਲੀਨਿਕ ਖੋਲੇ ਜਾਣ, ਆਮ ਸ਼੍ਰੇਣੀ ਦੀਆਂ ਔਰਤਾਂ ਨੂੰ 1 ਹਜਾਰ ਰੁਪਏ ਪ੍ਰਤੀ ਮਹੀਨਾ ਤੇ ਦਲਿਤ ਸ਼੍ਰੇਣੀ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਅਤੇ 4 ਲੱਖ ਤੋਂ ਵੱਧ ਸਮਾਰਟ ਕਾਰਡ ਹੋਲਡਰਾਂ ਨੂੰ ਮੁਫਤ ਕਣਕ ਦੇ ਨਾਲ ਰਸੋਈ ਲਈ ਵਰਤੋਂ ‘ਚ ਆਉਣ ਵਾਲੀਆਂ ਖੰਡ, ਚਾਹ ਪੱਤੀ , ਤੇਲ, ਲੂਣ ਆਦਿ ਮੁਫਤ ਦੇਣ ਸਮੇਤ ਸੂਬੇ ਭਰ ‘ਚ ਅਮਨ ਕਾਨੂੰਨ ਤੇ ਫਿਰਕੂ ਸਦਭਾਵਨਾ ਦੀ ਸਥਿਤੀ ਮਜਬੂਤ ਕਰਨ ਲਈ ਗੈਂਗਸਟਰਵਾਦ, ਫਿਰੌਤੀਆਂ ਤੇ ਨਸ਼ਾ ਤਸਕਰਾਂ ਨਾਲ ਲੋਹਾ ਲੈਣ ਲਈ ਚਲਾਏ ਗਏ ਯੁੱਧ ਨਸ਼ਿਆਂ ਵਿਰੁੱਧ ਤੇ ਅਪਰੇਸ਼ਨ ਪ੍ਰਹਾਰ ਆਦਿ ਮੁੱਖਪ੍ਰਾਪਤੀਆਂ ਕਾਰਣ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਰਫ ਪੰਜਾਬ ਸੂਬੇ ਦੇ ਲੋਕਾਂ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਲੋਕਾਂ ਦਾ ਮੁੱਖ ਆਕਰਸ਼ਨ ਕੇਂਦਰ ਬਣੀ ਹੋਈ ਹੈ। ਜਿਸ ਦੇ ਨਤੀਜੇ ਵੱਜੋਂ ਵਿਦੇਸ਼ੀ ਬਹੁਕੌਮੀ ਕੰਪਨੀਆਂ ਦੇ ਅਦਾਰਿਆਂ ਵਲੋਂ ਪੰਜਾਬ ‘ਚ ਪੂੰਜੀ ਨਿਵੇਸ਼ ਲਈ ਕਦਮ ਚੁੱਕੇ ਗਏ ਹਨ। ਜਿਸ ਦੇ ਸਦਕਾ ਲੱਖਾਂ ਬੇਰੁਜਗਾਰ ਰੁਜਗਾਰ ਹਾਸਲ ਕਰਨ ਦਾ ਲਾਭ ਉਠਾ ਸਕਣਗੇ।