ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਨਾਰੀ ਅਧਿਐਨ ਕੇਂਦਰ ਵੱਲੋਂ ਨਾਰੀ ਤਾਕਤ ਦੇ ਬਿਰਤਾਂਤ ਸਬੰਧੀ ਵਿਸ਼ੇ 'ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਵੱਖ-ਵੱਖ ਔਰਤ ਬੁਲਾਰਿਆਂ ਨੇ ਆਪਣੀ ਜ਼ਿੰਦਗੀ ਦੇ ਸੰਘਰਸ਼ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਇਸ ਸੈਮੀਨਾਰ ਦੀ ਪ੍ਰਧਾਨਗੀ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ। ਉਨ੍ਹਾਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸਮਾਜ ਨੂੰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਦੀ ਲੋੜ ਹੈ। ਸਾਨੂੰ ਉਨ੍ਹਾਂ 'ਤੇ ਤਰਸ ਖਾਣ ਦੀ ਬਜਾਏ ਉਨ੍ਹਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੁਲਾਰਿਆਂ ਦੀਆਂ ਜੀਵਨ ਕਹਾਣੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਮਨੁੱਖੀ ਇਰਾਦਾ ਕਿਸੇ ਵੀ ਸਰੀਰਕ ਜਾਂ ਸਮਾਜਿਕ ਰੁਕਾਵਟ ਤੋਂ ਵੱਡਾ ਹੁੰਦਾ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਅਜਿਹੇ ਮਾਹੌਲ ਨੂੰ ਸਿਰਜਣ ਲਈ ਵਚਨਬੱਧ ਹੈ ਜਿੱਥੇ ਹਰ ਵਰਗ ਦੀਆਂ ਔਰਤਾਂ ਅਤੇ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਮਾਣ-ਸਤਿਕਾਰ ਨਾਲ ਆਪਣੀ ਪਛਾਣ ਬਣਾ ਸਕਣ। ਸੈਮੀਨਾਰ ਦੌਰਾਨ ਸਟੇਟ ਐਵਾਰਡੀ ਅਤੇ ਪਦਮ ਸ਼੍ਰੀ ਨੋਮੀਨੇਟਡ ਡਾ. ਅਨੁਪਮਾ ਗੁਪਤਾ ਅਤੇ ਪ੍ਰੋਫੈਸਰ ਆਫ ਐਂਟਰਪ੍ਰਨਿਓਰਸ਼ਿਪ, ਟੈਡਐਕਸ ਸਪੀਕਰ ਅਤੇ ਐਕਸਪਰਟ ਫਾਊਂਡਰ 'ਡਰਾਈਵ ਆਨ ਮਾਈ ਔਨ' ਡਾ. ਅਨੀਤਾ ਸ਼ਰਮਾ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਜ਼ਿੰਦਗੀ ਦੇ ਵਿੱਚ ਆਉਂਦੇ ਉਤਰਾਅ-ਚੜ੍ਹਾਅ ਸਾਨੂੰ ਹੋਰ ਵੀ ਮਜ਼ਬੂਤ ਬਣਾ ਦਿੰਦੇ ਹਨ। ਇਸ ਦੌਰਾਨ ਪਰਿਵਾਰ ਦੇ ਮੈਂਬਰਾਂ ਵੱਲੋਂ ਦਿੱਤਾ ਗਿਆ ਸਨੇਹ ਅਤੇ ਸੁਰੱਖਿਆ ਸਾਨੂੰ ਫਿਰ ਤੋਂ ਆਮ ਜ਼ਿੰਦਗੀ ਦੇ ਰਾਹ ਉੱਪਰ ਪਾ ਦਿੰਦੀ ਹੈ। ਇਨ੍ਹਾਂ ਬੁਲਾਰਿਆਂ ਨੇ ਆਪੋ ਆਪਣੀ ਕਹਾਣੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਕਈ ਵਾਰ ਜਦੋਂ ਅਸੀਂ ਪ੍ਰਸਥਿਤੀਆਂ ਬਦਲਣ ਦੇ ਅਸਮਰੱਥ ਹੋਈਏ ਤਾਂ ਸਾਨੂੰ ਮਨੋਸਥਿਤੀਆਂ ਬਦਲ ਲੈਣੀਆਂ ਚਾਹੀਦੀਆਂ ਹਨ। ਡਾਇਰੈਕਟਰ, ਯੋਜਨਾ ਅਤੇ ਨਿਰੀਖਣ ਡਾ. ਸੁਖਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਆਪਣੇ ਨਿੱਜੀ ਤਜਰਬੇ ਦੇ ਅਧਾਰ 'ਤੇ ਸੋਚ ਬਦਲਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਵਿਦਿਅਕ ਸੰਸਥਾਵਾਂ ਅਤੇ ਹੋਰਨਾਂ ਅਦਾਰਿਆਂ ਵਿੱਚ ਵਿਸ਼ੇਸ਼ ਲੋੜਾਂ ਵਾਲ਼ੇ ਲੋਕਾਂ ਲਈ ਲੋੜੀਂਦਾ ਪ੍ਰਬੰਧ ਕਰਨ ਦੀ ਲੋੜ ਹੈ। ਨਾਰੀ ਅਧਿਐਨ ਕੇਂਦਰ ਦੇ ਡਾਇਰੈਕਟਰ ਡਾ. ਨੈਨਾ ਸ਼ਰਮਾ ਨੇ ਸਵਾਗਤੀ ਭਾਸ਼ਣ ਦੌਰਾਨ ਸਮਾਗਮ ਦੇ ਵਿਸ਼ੇ ਸਬੰਧੀ ਟਿੱਪਣੀਆਂ ਕੀਤੀਆਂ। ਸੈਂਟਰ ਆਫ ਦੀ ਇੰਪਾਵਰਮੈਂਟ ਆਫ ਪਰਸਨ ਵਿਦ ਡਿਸਏਬਿਲਿਟੀ ਦੇ ਕੋਆਰਡੀਨੇਟਰ ਡਾ. ਕਿਰਨ ਨੇ ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਪਰਿਵਾਰਕ ਸਹਾਰਿਆਂ ਦੀ ਮਹੱਤਤਾ ਬਾਰੇ ਦੱਸਿਆ। ਅਖੀਰ ਵਿੱਚ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪ੍ਰੋਫੈਸਰ ਬਲਰਾਜ ਸੈਣੀ ਨੇ ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਖੋਜਾਰਥੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਡਾ. ਰਮਿੰਦਰ ਕੌਰ ਨੇ ਨਿਭਾਈ।