ਅੰਮ੍ਰਿਤਸਰ : ਸਿਵਲ ਸਰਜਨ ਅੰਮ੍ਰਿਤਸਰ ਡਾ ਸਤਿੰਦਰਜੀਤ ਸਿੰਘ ਬਜਾਜ ਨੇ ਵੱਧ ਰਹੀ ਗਰਮੀ ਦੇ ਸਬੰਧ ਵਿੱਚ ਲੋਕਾਂ ਨੂੰ ਜਾਗਰੁਕ ਕਰਦਿਆਂ ਦਸਿਆ ਕਿ ਗਰਮੀ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਡੀ ਹਾਈਡ੍ਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰਦਰਦ, ਉਲਟੀ, ਡਾਈਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਬਜੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੀ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਮੌਸਮ ਵਿੱਚ ਥਕਾਵਟ, ਬੁਖਾਰ, ਉਲਟੀਆਂ, ਦਿਲ ਦੀ ਧੜਕਣ ਤੇਜ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਅਜਿਹੇ ਹਾਲਾਤਾਂ ਵਿਚ ਲੋਕ ਸੈਲਫ ਮੈਡੀਕੇਸ਼ਨ ਤੋਂ ਬਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਰ ਡਾਕਟਰਾਂ ਨਾਲ ਸੰਪਰਕ ਕਰਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੂ ਅਤੇ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਜਿਵੇਂ ਨਿੰਬੂ-ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓ.ਆਰ.ਐਸ ਦਾ ਘੋਲ ਆਦਿ ਦਾ ਵੱਧ ਤੋਂ ਵੱਧ ਇਸਤਿਮਾਲ ਕੀਤਾ ਜਾਵੇ, ਬਾਹਰ ਜਾਣ ਤੋਂ ਪਹਿਲਾਂ ਸ਼ਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ, ਸੂਤੀ ਅਤੇ ਹਲਕੇ ਰੰਗਾਂ ਦੇ ਕਪੜੇ ਪਹਿਨੇ ਜਾਣ, ਸੰਤੁਲਤ ਤੇ ਘਰ ਦਾ ਬਣਿਆ ਭੋਜਨ ਖਾਧਾ ਜਾਵੇ, ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ ਕੀਤਾ ਜਾਵੇ, ਆਸ ਪਾਸ ਦੀ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਅਵਸਰ ਤੇ ਜਿਲ੍ਹਾ ਸਿਹਤ ਅਫ਼ਸਰ ਜਸਪਾਲ ਸਿੰਘ, ਜਿਲ੍ਹਾ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ ਅਤੇ ਜਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ ਹਾਜਰ ਸਨ।