ਕੋਟਕਪੂਰਾ : ਬੀਤੇ ਦਿਨੀਂ ਪ੍ਰਜਾਪਤ ਸਭਾ ਜੈਤੋ ਵਲੋਂ ਪੰਜਾਬ ਭਰ ਵਿੱਚੋਂ 8ਵੀਂ ਜਮਾਤ ’ਚੋਂ ਪਹਿਲੇ ਸਥਾਨ ’ਤੇ ਆਉਣ ਵਾਲੀ ਹੋਣਹਾਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਲਈ ਕਰਵਾਏ ਗਏ ਸਨਮਾਨ ਸਮਾਰੋਹ ਵਿੱਚ ਭਾਰੀ ਗਿਣਤੀ ਵਿੱਚ ਬਰਾਦਰੀ ਨਾਲ ਸਬੰਧਤ ਪਤਵੰਤਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਬਸੰਤ ਕੁਮਾਰ ਪ੍ਰਜਾਪਤੀ ਕੋਟਕਪੂਰਾ ਜਿਲਾ ਜਨਰਲ ਸਕੱਤਰ ਬਸਪਾ ਨੇ ਬੇਟੀ ਤਮੰਨਾ ਪ੍ਰਜਾਪਤੀ ਦਾ ਡਾ. ਭੀਮ ਰਾਉ ਅੰਬੇਦਕਰ ਜੀ ਦੀ ਤਸਵੀਰ ਅਤੇ ਨਗਦ ਰਾਸ਼ੀ ਨਾਲ ਸਨਮਾਨ ਕੀਤਾ। ਇਸ ਮੌਕੇ ਬਸੰਤ ਕੁਮਾਰ ਪਰਜਾਪਤ ਨੇ ਆਖਿਆ ਕਿ ਕੋਈ ਸਮਾ ਸੀ ਜਦੋਂ ਮਾਪੇ ਆਪਣੀਆਂ ਲੜਕੀਆਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਸਨ ਭੇਜਦੇ ਤੇ ਚੁੱਲੇ ਚੌਂਕੇ ਤੱਕ ਹੀ ਸੀਮਤ ਰੱਖਿਆ ਜਾਂਦਾ ਸੀ ਪਰ ਜਦੋਂ ਸਮਾਜ ਨੇ ਮੌਕਾ ਦਿੱਤਾ ਤਾਂ ਉਹਨਾਂ ਲੜਕਿਆਂ ਤੋਂ ਅੱਗੇ ਦੋ ਕਦਮ ਅੱਗੇ ਹੋ ਕੇ ਸਾਬਿਤ ਕੀਤਾ ਕਿ ਉਹ ਕਿਸੇ ਵੀ ਖੇਤਰ ਵਿੱਚ ਨਹੀਂ ਹਨ। ਬਸੰਤ ਕੁਮਾਰ ਨੇ ਆਖਿਆ ਕਿ ਜੈਤੋ ਕਸਬੇ ਦੀ ਧੀ ਜਦੋਂ ਜੰਮੀ ਤਾਂ ਮਾਪਿਆਂ ਨੇ ਨਾਮ ਰੱਖਿਆ ਤਮੰਨਾ, ਜਿਸ ਨੇ ਅਣਥੱਕ ਮਿਹਨਤ ਕੀਤੀ ਤੇ ਫਿਰ ਇਹ ਕਿਵੇਂ ਹੋ ਸਕਦਾ ਸੀ ਕਿ ਮਾਪਿਆਂ ਦੀ ਤਮੰਨਾ ਪੂਰੀ ਨਾ ਹੁੰਦੀ। ਤਮੰਨਾ ਨੇ ਪੂਰੇ ਅੰਕਾਂ ਵਿੱਚੋਂ ਇਕ ਨੰਬਰ ਵੀ ਕੱਟਣ ਨਹੀਂ ਦਿੱਤਾ ਤੇ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ, ਸਕੂਲ ਸਟਾਫ ਅਤੇ ਜੈਤੋ ਇਲਾਕੇ ਦਾ ਨਾਮ ਸੁਨਹਿਰੀ ਅੱਖਾਂ ਵਿੱਚ ਲਿਖ ਦਿੱਤਾ। ਮਾਪਿਆਂ ਨੂੰ ਦੱਸ ਦਿੱਤਾ ਕਿ ਤਮੰਨਾ ਤੁਹਾਡੇ ਸਿਰ ਦਾ ਤਾਜ ਹੈ ਤੇ ਤੁਹਾਨੂੰ ਉਸ ’ਤੇ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਬਸੰਤ ਕੁਮਾਰ ਨਾਲ ਉਪਰੋਕਤ ਤੋਂ ਇਲਾਵਾ ਮਦਨ ਨਾਲ ਮਾਲ ਚੇਅਰਮੈਨ ਪ੍ਰਜਾਪਤ ਕੁੰਮਹਾਰ ਮਹਾਂਸੰਘ ਪੰਜਾਬ, ਰਵੀ ਕੁਮਾਰ ਜਨਰਲ ਸੈਕਟਰੀ ਦਕਸ਼ ਪ੍ਰਜਾਪਤੀ ਨੌਜਵਾਨ ਸਭਾ ਅਬੋਹਰ, ਅਮਰਜੀਤ ਕੁਮਾਰ ਬਕਵਾਸੀਆ ਪ੍ਰਧਾਨ ਪ੍ਰਜਾਪਤ ਸਭਾ ਜੈਤੋ ਅਤੇ ਤਮੰਨਾ ਪ੍ਰਜਾਪਤੀ ਦੇ ਪਿਤਾ ਨਰਿੰਦਰ ਕੁਮਾਰ ਜੈਤੋ ਵੀ ਵਿਸ਼ੇਸ਼ ਤੌਰ ’ਤੇ ਹਾਜਰ ਸਨ।