ਅੰਮ੍ਰਿਤਸਰ : ਤਰਨ ਤਾਰਨ ਰੋਡ ਸਥਿਤ ਭਾਈ ਮਨੀ ਸਿੰਘ ਚੌਂਕ, ਮੰਡੀ ਵਾਲਾ ਬਾਜ਼ਾਰ ਦੇ ਨਿਵਾਸੀ ਅਤੇ 'ਚੁਪਹਿਰਾ ਸਮਾਗਮ' ਵਾਲੇ ਰਜਿੰਦਰ ਸਿੰਘ ਰਾਜੂ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਬਲਕਾਰ ਸਿੰਘ ਲਾਹੌਰੀਆ ਅਕਾਲ ਚਲਾਣਾ ਕਰ ਗਏ। ਉਹ 90 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਸਰਦਾਰ ਬਲਕਾਰ ਸਿੰਘ ਲਾਹੌਰੀਆ ਇਲਾਕੇ ਦੀ ਸਤਿਕਾਰਤ ਸ਼ਖਸੀਅਤ ਸਨ। ਉਹ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਪੁਰਾਤਨ ਮਰਯਾਦਾ ਅਨੁਸਾਰ ਇਸ਼ਨਾਨ ਦੀ ਸੇਵਾ ਬੜੀ ਸ਼ਰਧਾ ਨਾਲ ਨਿਭਾਉਂਦੇ ਰਹੇ ਹਨ। ਉਨ੍ਹਾਂ ਦੇ ਅਚਾਨਕ ਚਲੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉੱਥੇ ਹੀ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਆਪਣੇ ਪਿੱਛੇ ਦੋ ਬੇਟੇ, ਇੱਕ ਬੇਟੀ, ਤਿੰਨ ਪੋਤਰੀਆਂ ਅਤੇ ਇੱਕ ਦੋਹਤਾ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਨਜ਼ਦੀਕ ਸਥਿਤ ਸ਼ਮਸ਼ਾਨ ਘਾਟ ਵਿਖੇ ਕਰ ਦਿੱਤਾ ਗਿਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਧਾਰਮਿਕ, ਸਮਾਜਿਕ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੁੱਖ ਦੀ ਘੜੀ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਰਜਿੰਦਰ ਸਿੰਘ ਰਾਜੂ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।