ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਜ਼ਿਲ੍ਹੇ ਦੀਆਂ ਸੜਕਾਂ ‘ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਐਸ.ਏ.ਐਸ. ਨਗਰ ਵਿਖੇ ਜ਼ਿਲ੍ਹਾ ਰੋਡ ਸੇਫ਼ਟੀ ਕਮੇਟੀ ਦੀ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿੱਚ ਪਛਾਣੇ ਗਏ 93 ਬਲੈਕ ਸਪਾਟਾਂ ਵਿੱਚੋਂ 57 ਦੇ ਸੁਧਾਰ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਸੰਬੰਧਤ ਵਿਭਾਗਾਂ ਅਤੇ ਏਜੰਸੀਆਂ ਨੂੰ ਬਾਕੀ ਸਥਾਨਾਂ ਨੂੰ ਵੀ ਤਰਜੀਹੀ ਆਧਾਰ ‘ਤੇ ਜਲਦੀ ਤੋਂ ਜਲਦੀ ਠੀਕ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਆਮ ਜਨਤਾ ਲਈ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਨ੍ਹਾਂ ਬਲੈਕ ਸਪਾਟਾਂ ‘ਤੇ ਅਸਥਾਈ ਉਪਾਅ ਕੀਤੇ ਗਏ ਹਨ, ਉਨ੍ਹਾਂ ਨੂੰ ਵੀ ਜਲਦੀ ਹੀ ਸਥਾਈ ਹੱਲ ਦਿੱਤਾ ਜਾਵੇਗਾ। ਉਨ੍ਹਾਂ ਨੇ ਨੈਸ਼ਨਲ ਹਾਈਵੇ ਅਥਾਰਟੀ, ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ), ਨਗਰ ਨਿਗਮ ਮੋਹਾਲੀ, ਲੋਕ ਨਿਰਮਾਣ ਵਿਭਾਗ (ਪੀ ਡਬਲਿਊ ਡੀ) ਅਤੇ ਨਗਰ ਕੌਂਸਲਾਂ ਨੂੰ ਬਲੈਕ ਸਪਾਟਾਂ ਦੀ ਦੁਰੁਸਤੀ ਨੂੰ ਤਰਜੀਹ ਦੇਣ ਦੇ ਹੁਕਮ ਦਿੱਤੇ। ਡਿਪਟੀ ਕਮਿਸ਼ਨਰ ਨੇ ਗਮਾਡਾ ਅਧਿਕਾਰੀਆਂ ਨੂੰ ਚੱਲ ਰਹੇ ਰੋਟਰੀ (ਨਵੇਂ ਚੌਂਕ) ਪ੍ਰਾਜੈਕਟਾਂ ਨੂੰ ਨਿਰਧਾਰਿਤ ਸਮੇਂ ਅੰਦਰ ਪੂਰਾ ਕਰਨ ਲਈ ਕਿਹਾ, ਜਿਸ ਨਾਲ ਟ੍ਰੈਫ਼ਿਕ ਦੀ ਆਵਾਜਾਈ ਨਿਰਵਿਘਨ ਹੋਵੇਗੀ। ਨਗਰ ਨਿਗਮ ਵੱਲੋਂ ਡਿਵਾਈਡਰਾਂ ‘ਚ ਗ੍ਰਿੱਲਾਂ ਲਗਾਉਣ ਦੇ ਕੰਮ ਦੀ ਸਰਾਹਨਾ ਕਰਦਿਆਂ ਉਨ੍ਹਾਂ ਕਿਹਾ ਕਿ ਗੈਰਕਾਨੂੰਨੀ ਰਸਤਿਆਂ ਰਾਹੀਂ ਸੜਕ ਪਾਰ ਕਰਨ ਤੋਂ ਰੋਕਣ ਲਈ ਇਹ ਕਦਮ ਲਾਭਦਾਇਕ ਹੈ। ਉਨ੍ਹਾਂ ਨੇ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਨੋ-ਪਾਰਕਿੰਗ ਬੋਰਡ, ਗਤੀ ਸੀਮਾ ਬੋਰਡ, ਜ਼ੈਬਰਾ ਕ੍ਰਾਸਿੰਗ ਨਿਸ਼ਾਨ, ਸਪੀਡ ਟੇਬਲ ਮਾਰਕਿੰਗ ਅਤੇ ਟ੍ਰੈਫ਼ਿਕ ਲਾਈਟਾਂ ਦੀ ਕਾਰਜਸ਼ੀਲਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ “ਸੇਫ ਸਕੂਲ ਵਾਹਨ” ਮੁਹਿੰਮ ਤਹਿਤ ਸਕੂਲ ਬੱਸਾਂ ਦੀ ਨਿਯਮਿਤ ਜਾਂਚ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੇਜ਼ ਰਫ਼ਤਾਰੀ, ਲਾਲ ਬੱਤੀ ਦੀ ਉਲੰਘਣਾ ਸਮੇਤ ਹੋਰ ਟ੍ਰੈਫ਼ਿਕ ਉਲੰਘਣਾਵਾਂ ‘ਤੇ ਸੀ ਸੀ ਟੀ ਵੀ ਕੈਮਰਿਆਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਉਲੰਘਣਾ ਕਰਤਾਵਾਂ ਨੂੰ ਈ-ਚਾਲਾਨ ਜਾਰੀ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਈ-ਡੀਟੇਲਡ ਐਕਸੀਡੈਂਟ ਰਿਪੋਰਟ (e-DAR) ਪੋਰਟਲ ‘ਤੇ ਹਾਦਸਿਆਂ ਦੇ ਡਾਟਾ ਦੀ ਐਂਟਰੀ ਹੋਣ ਵਾਲੇ ਬਕਾਇਆ ਮਾਮਲਿਆਂ ਨੂੰ ਜਲਦੀ ਨਿਪਟਾਇਆ ਜਾਵੇ, ਤਾਂ ਜੋ ਕਲੇਮ ਪ੍ਰਕਿਰਿਆ ਸਮੇਂ ਸਿਰ ਪੂਰੀ ਹੋ ਸਕੇ। ਇਸ ਦੇ ਨਾਲ ਹੀ ਹਿਟ ਐਂਡ ਰਨ ਕੇਸਾਂ ਵਿੱਚ ਕਲੇਮ ਪ੍ਰਕਿਰਿਆ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਗਿਆ ਅਤੇ ਬਕਾਇਆ ਮਾਮਲਿਆਂ ਨੂੰ ਤੁਰੰਤ ਨਿਪਟਾਉਣ ਦੇ ਨਿਰਦੇਸ਼ ਦਿੱਤੇ ਗਏ। ਇਸ ਮੀਟਿੰਗ ਵਿੱਚ ਡੀ ਐਸ ਪੀ (ਟ੍ਰੈਫ਼ਿਕ) ਕਰਨੈਲ ਸਿੰਘ, ਸਹਾਇਕ ਟ੍ਰਾਂਸਪੋਰਟ ਅਧਿਕਾਰੀ ਰੋਹਿਤ ਗਰਗ, ਐਨ ਜੀ ਓ ਅਵੋਆਇਡ ਐਕਸੀਡੈਂਟ ਦੇ ਹਰਪ੍ਰੀਤ ਸਿੰਘ ਅਤੇ ਗਮਾਡਾ, ਪੀ ਡਬਲਿਊ ਡੀ ਅਤੇ ਨਗਰ ਨਿਗਮ ਦੇ ਅਧਿਕਾਰੀ ਹਾਜ਼ਰ ਸਨ।