ਮਹਿਤਾ/ਅੰਮ੍ਰਿਤਸਰ : ਸੂਬੇ ਦੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਅੱਜ ਪਿੰਡ ਮਹਿਤਾ ਚੌਂਕ, ਜੰਡਿਆਲਾ ਗੁਰੂ ਵਿਖੇ ਪਹੁੰਚ ਕੇ ਇਲਾਕੇ ਦੇ ਪ੍ਰਸਿੱਧ ਆਗੂ ਸ. ਸੁਖਦੇਵ ਸਿੰਘ ਰੰਧਾਵਾ ਰਾਜ ਸਰਕਾਰ ਵੱਲੋਂ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ ਉੱਤੇ ਵਧਾਈ ਦਿੱਤੀ ਹੈ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣਾਂ, ਪਾਰਟੀ ਵਰਕਰ ਅਤੇ ਸਥਾਨਕ ਨੁਮਾਇੰਦਿਆਂ ਨੇ ਹਾਜ਼ਰੀ ਭਰੀ ਅਤੇ ਨਵੀਂ ਜ਼ਿੰਮੇਵਾਰੀ ਲਈ ਸ. ਸੁਖਦੇਵ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ।ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਸੁਖਦੇਵ ਸਿੰਘ ਰੰਧਾਵਾ ਦੀ ਇਹ ਨਿਯੁਕਤੀ ਉਨ੍ਹਾਂ ਦੀ ਲੋਕ ਸੇਵਾ ਅਤੇ ਲੋਕਾਂ ਨਾਲ ਜੁੜੇ ਰਹਿਣ ਦੇ ਸਨਮਾਨ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ. ਸੁਖਦੇਵ ਸਿੰਘ ਰੰਧਾਵਾ ਲੰਬੇ ਸਮੇਂ ਤੱਕ ਕਾਂਗਰਸ ਪਾਰਟੀ ਵਿੱਚ ਰਹੇ ਹਨ, ਪਰ ਸਾਲ 2024 ਵਿੱਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਰਾਜ ਸਰਕਾਰ ਦੀਆਂ ਇਮਾਨਦਾਰ ਨੀਤੀਆਂ ਅਤੇ ਲੋਕ-ਹਿਤੈਸ਼ੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਪਾਰਟੀ ਲਈ ਵੱਡੀ ਅਤੇ ਇਮਾਨਦਾਰ ਸੇਵਾ ਨਿਭਾਈ ਹੈ, ਜਿਸ ਦਾ ਫਲ ਅੱਜ ਉਨ੍ਹਾਂ ਨੂੰ ਇਸ ਮਹੱਤਵਪੂਰਨ ਜ਼ਿੰਮੇਵਾਰੀ ਦੇ ਰੂਪ ਵਿੱਚ ਮਿਲਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਵਰਕਰ ਦੀ ਕਦਰ ਕਰਦੀ ਹੈ ਅਤੇ ਉਸ ਨੂੰ ਉਸਦਾ ਹੱਕ ਦੇਣ ਵਿੱਚ ਯਕੀਨ ਰੱਖਦੀ ਹੈ, ਜਦਕਿ ਪਿਛਲੀਆਂ ਸਰਕਾਰਾਂ ਵਿੱਚ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਵਰਕਰਾਂ ਨੂੰ ਵੀ ਉਚਿਤ ਮਾਣ-ਸਨਮਾਨ ਨਹੀਂ ਮਿਲਦਾ ਸੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਵਾਲੇ ਇਮਾਨਦਾਰ ਆਗੂਆਂ ਨੂੰ ਅੱਗੇ ਲਿਆਉਣਾ ਹੀ ਸਰਕਾਰ ਦਾ ਮਕਸਦ ਹੈ। ਉਨ੍ਹਾਂ ਨੇ ਸ. ਸੁਖਦੇਵ ਸਿੰਘ ਨੂੰ ਕਿਹਾ ਕਿ ਉਹ ਇਸ ਅਹੁਦੇ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਇਸ ਰਾਹੀਂ ਕਿਸਾਨਾਂ ਅਤੇ ਆਮ ਲੋਕਾਂ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ। ਉਹਨਾਂ ਕਿਹਾ ਕਿ ਇਹ ਅਹੁਦਾ ਕਿਸਾਨਾਂ ਅਤੇ ਆਮ ਲੋਕਾਂ ਦੀ ਭਲਾਈ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਇਲਾਕੇ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲੇਗੀ।ਇਸ ਮੌਕੇ ਕੈਬਿਨੇਟ ਮੰਤਰੀ ਪੰਜਾਬ ਨੇ ਸ. ਸਰਵਰਿੰਦਰ ਸਿੰਘ ਜੀ ਨੂੰ ਵੀ ਬੈਂਕ ਦੇ ਵਾਈਸ ਚੇਅਰਮੈਨ ਵਜੋਂ ਨਿਯੁਕਤ ਕੀਤੇ ਜਾਣ `ਤੇ ਵਧਾਈ ਦਿੱਤੀ। ਨਾਲ ਹੀ ਨਿਯੁਕਤ ਹੋਏ ਹੋਰ ਡਾਇਰੈਕਟਰਾਂ ਸ. ਗੁਰਭੇਜ ਸਿੰਘ, ਵਿਸ਼ਾਲ ਸ਼ਰਮਾ, ਸ. ਸਵਿੰਦਰ ਸਿੰਘ ਅਤੇ ਸ਼੍ਰੀਮਤੀ ਰਜਵੰਤ ਕੌਰ ਜੀ ਨੂੰ ਵੀ ਮੰਤਰੀ ਜੀ ਵੱਲੋਂ ਮੁਬਾਰਕਬਾਦ ਦਿੱਤੀ ਗਈ।