ਸਿਰਸਾ : ਪਿਛਲੇ ਦਿਨੀਂ ਇੱਕ ਸੜਕ ਹਾਦਸੇ ਦੌਰਾਨ ਹਲਾਕ ਹੋਏ ਪਿੰਡ ਦਮਦਮਾ ਵਾਸੀ ਕਾਮਰੇਡ ਕੁਲਦੀਪ ਸਿੰਘ ਪੂਨੀਆ (82) ਦਾ ਅੰਤਿਮ ਸੰਸਕਾਰ ਅੱਜ ਭਾਰਤੀ ਕਮਿਊਨਿਸਟ ਪਾਰਟੀ ਵਰਕਰਾਂ,ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਵੱਡੀ ਗਿਣਤੀ ਦੌਰਾਨ ਬਹੁਤ ਹੀ ਗਮਗੀਨ ਮਾਹੌਲ ਵਿੱਚ ਕੀਤਾ ਗਿਆ। ਕਾਮਰੇਡ ਕੁਲਦੀਪ ਸਿੰਘ ਪੂਨੀਆ ਲੰਘੀ 16 ਅਪਰੈਲ ਨੂੰ ਇੱਕ ਸੜਕ ਹਾਦਸੇ ਦੌਰਾਨ ਹਲਾਕ ਹੋ ਗਏ ਸਨ ਪਰ ਉਨ੍ਹਾਂ ਦੇ ਇਕਲੌਤੇ ਪੁੱਤਰ ਬਲਰਾਜ ਸਿੰਘ ਦੇ ਆਸਟਰੇਲੀਆਂ ਤੋਂ ਆਉਣ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਸੀਨੀਅਰ ਭਾਰਤੀ ਕਮਿਊਨਿਸਟ ਪਾਰਟੀ ਆਗੂ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਤੇ ਪਾਰਟੀ ਨਿਸਾਨ ਵਾਲਾ ਲਾਲ ਝੰਡਾ ਪਾ ਕੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ ਅਤੇ ਪਾਰਟੀ ਵਰਕਰਾਂ ਨੇ ਕਾਮਰੇਡ ਕੁਲਦੀਪ ਸਿੰਘ ਨੂੰ ਲਾਲ ਸਲਾਮ,ਸਾਥੀ ਕੁਲਦੀਪ ਸਿੰਘ ਅਮਰ ਰਹੇ ਆਦਿ ਨਾਅਰੇ ਲਗਾਕੇ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਪ੍ਰੀਤਪਾਲ ਸਿੱਧੂ,ਕਾਮਰੇਡ ਹਰਦੇਵ ਜੋਸ਼,ਕਾਮਰੇਡ ਹਰਜਿੰਦਰ ਸਿੰਘ ਭੰਗੂ,ਅਰਮਾਨ ਗਿੱਲ,ਬਲਰਾਜ ਵਣੀ,ਰਤਨ ਸਿੰਘ ਨਕੌੜਾ,ਸੁਖਦੇਵ ਸਿੰਘ,ਰੇਸ਼ਮ ਸਿੰਘ,ਬਲਦੇਵ ਸਿੰਘ,ਕਸ਼ਮੀਰ ਸਿੰਘ ਦਮਦਮਾ,ਕਸ਼ਮੀਰ ਮੁਕਤਾ,ਜੋਗਿੰਦਰ ਸਿੰਘ,ਭਗਵਾਨ ਸਿੰਘ,ਸੀਪੀਐਮ ਜ਼ਿਲ੍ਹਾ ਸਕੱਤਰ ਸੁਰਜੀਤ ਸਿੰਘ ਆਦਿ ਪਾਰਟੀ ਵਰਕਰਾਂ ਤੋਂ ਇਲਾਵਾਂ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਇਸ ਮੌਕੇ ਕਾਮਰੇਡ ਸੁਵਰਨ ਸਿੰਘ ਵਿਰਕ ਅਤੇ ਪ੍ਰੀਤਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਾਮਰੇਡ ਕੁਲਦੀਪ ਸਿੰਘ ਨੇ ਅੱਧੀ ਸਦੀ ਤੋਂ ਜ਼ਿਆਦਾ ਸਮਾਂ ਮਜ਼ਦੂਰਾਂ ਅਤੇ ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਦਿਆ ਗੁਜ਼ਾਰਿਆ। ਉਨ੍ਹਾਂ ਨਮਿੱਤ ਅੰਤਿਮ ਅਰਦਾਸ 22 ਅਪਰੈਲ ਨੂੰ ਪਿੰਡ ਦਮਦਮਾ ਵਿਖੇ ਹੋਵੇਗੀ।