ਮੋਰਿੰਡਾ : ਸ਼ੂਗਰਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਡਾ: ਸੇਨੂੰ ਦੁੱਗਲ, ਆਈ.ਏ.ਐੱਸ ਨੇ ਅੱਜ ਸਹਿਕਾਰੀ ਖੰਡ ਮਿੱਲ, ਮੋਰਿੰਡਾ ਅਤੇ ਮਿੱਲ ਦੇ ਗੰਨੇ ਦੇ ਇਲਾਕੇ ਦਾ ਵਿਸਥਾਰ ਨਾਲ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸਰਵੇਅਰਾਂ ਵੱਲੋਂ ਗੰਨਾ ਖੇਤਰਾਂ ਵਿੱਚ ਚੱਲ ਰਹੇ ਕੰਮਾਂ ਦੀ ਮੌਕੇ 'ਤੇ ਜਾਂਚ ਕੀਤੀ। ਦੌਰੇ ਦੌਰਾਨ ਡਾ: ਦੁੱਗਲ ਨੇ ਬਸੰਤ ਰੁੱਤ ਦੀ ਗੰਨਾ ਬਿਜਾਈ ਦਾ ਜਾਇਜ਼ਾ ਲਿਆ। ਉਨ੍ਹਾਂ ਗੰਨਾ ਵੈਰਾਇਟੀ CoJ-85, Co-118, CoPB-96,98, Co-15023 ਆਦਿ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਬਿਜਾਈ ਦੇ ਟੀਚਿਆਂ ਤੇ ਪ੍ਰਾਪਤੀਆਂ ਦੀ ਜਾਂਚ ਵੀ ਕੀਤੀ।ਕਿਸਾਨਾਂ ਲਈ ਵਿਸ਼ੇਸ਼ ਕੈਂਪ ਲਾਉਣ ਦੇ ਹੁਕਮ ਡਾ: ਦੁੱਗਲ ਨੇ ਗੰਨਾ ਵਿਭਾਗ ਨੂੰ ਹਦਾਇਤ ਕੀਤੀ ਕਿ ਇਲਾਕੇ ਵਿੱਚ ਗੰਨੇ ਹੇਠ ਰਕਬਾ ਵਧਾਉਣ ਅਤੇ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕੈਂਪ ਲਗਾਏ ਜਾਣ। ਇਨ੍ਹਾਂ ਕੈਂਪਾਂ ਵਿੱਚ ਕਿਸਾਨਾਂ ਨੂੰ ਵੱਧ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਦੀ ਬਿਜਾਈ ਅਤੇ ਸਮੇਂ ਸਿਰ ਗੰਨੇ ਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਫਸਲੀ ਵਿਭਿੰਨਤਾ ਅਪਣਾਉਣ ਲਈ ਜਾਗਰੂਕ ਕਰਨ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਣ।ਪਿੜਾਈ ਸੀਜ਼ਨ 2026-27 ਦੀ ਤਿਆਰੀ ਸ਼ੁਰੂ ਐਮ.ਡੀ. ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਮਿੱਲਾਂ ਵਧੀਆ ਕਾਰਗੁਜ਼ਾਰੀ ਨਾਲ ਕੰਮ ਕਰ ਰਹੀਆਂ ਹਨ। ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਮਿੱਲ ਵੱਲੋਂ ਕੋਰਾਜਨ ਦਵਾਈ ਸਮੇਤ ਹੋਰ ਦਵਾਈਆਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਪਿੜਾਈ ਸੀਜ਼ਨ 2026-27 ਲਈ ਵਿਭਾਗ ਨੂੰ ਹੁਕਮ ਦਿੱਤੇ ਕਿ ਵੱਧ ਤੋਂ ਵੱਧ ਗੰਨਾ ਮਿੱਲ ਤੱਕ ਪਹੁੰਚਾਉਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਵੱਧ ਸਹੂਲਤਾਂ ਮਿਲ ਸਕਣ। ਇਸ ਦੇ ਨਾਲ ਹੀ ਉਨ੍ਹਾਂ ਤਕਨੀਕੀ ਅਮਲੇ ਨੂੰ ਮਿੱਲ ਦੀ ਰਿਪੇਅਰ ਅਤੇ ਮੇਨਟੀਨੈਂਸ ਦਾ ਕੰਮ ਸਮੇਂ ਸਿਰ ਮੁਕੰਮਲ ਕਰਨ ਦੀ ਹਦਾਇਤ ਕੀਤੀ ਤਾਂ ਜੋ ਪਿੜਾਈ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਡਿਪਟੀ ਮੁੱਖ ਲੇਖਾ ਅਫਸਰ, ਸ਼ੂਗਰਫੈੱਡ ਪੰਜਾਬ ਸ਼੍ਰੀ ਗੌਰਵ ਕੁਮਾਰ, ਜਨਰਲ ਮੈਨੇਜਰ ਬਟਾਲਾ ਸਹਿਕਾਰੀ ਖੰਡ ਮਿੱਲ ਸ਼੍ਰੀਮਤੀ ਕਿਰਨਦੀਪ ਕੌਰ, ਮੋਰਿੰਡਾ ਖੰਡ ਮਿੱਲ ਦੇ ਜਨਰਲ ਮੈਨੇਜਰ ਸ਼੍ਰੀ ਤਰਨਵੀਰ ਸਿੰਘ ਅਤੇ ਗੰਨਾ ਇੰਚਾਰਜ ਸ਼੍ਰੀ ਰਵਿੰਦਰ ਸਿੰਘ ਵੀ ਮੌਜੂਦ ਸਨ।