ਮੋਰਿੰਡਾ : ਨਜ਼ਦੀਕੀ ਪਿੰਡ ਰਾਮਗੜ੍ਹ ਮੰਡਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦਸਤਾਰਬੰਦੀ ਤੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਗਿਆਨੀ ਅਮਰੀਕ ਸਿੰਘ ਜੀ ਦੇ ਉਪਰਾਲਿਆਂ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੇ ਕਰਵਾਏ ਮੁਕਾਬਲਿਆਂ ਦੌਰਾਨ ਦਸਤਾਰਬੰਦੀ ਮੁਕਾਬਲਿਆਂ ਵਿੱਚ ਕੁੱਲ 25 ਬੱਚਿਆਂ ਨੇ ਭਾਗ ਲਿਆ ਅਤੇ ਗੁਰਮਤਿ ਗਿਆਨ ਮੁਕਾਬਲਿਆਂ ਵਿੱਚ 13 ਬੱਚਿਆਂ ਨੇ ਹਿੱਸਾ ਲਿਆ। ਦਸਤਾਰਬੰਦੀ ਮੁਕਾਬਲਿਆਂ ਵਿੱਚ ਏਕਮਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਵਾਸੀ ਕੁਰਾਲੀ ਨੇ ਪਹਿਲਾਂ ਸਥਾਨ, ਸੁਖਪ੍ਰੀਤ ਸਿੰਘ ਪੁੱਤਰ ਸ਼ਿਵਜੀਤ ਸਿੰਘ ਜਵੱਦੀ ਟਕਸਾਲ ਲੁਧਿਆਣਾ ਨੇ ਦੂਜਾ ਸਥਾਨ ਅਤੇ ਗੁਰਸੇਵਕ ਸਿੰਘ ਪੁੱਤਰ ਗੁਰਜੰਟ ਸਿੰਘ ਪਿੰਡ ਮੜੌਲੀ ਕਲਾਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ 3100 ਰੁਪਏ, 2100 ਰੁਪਏ ਅਤੇ 1100 ਰੁਪਏ ਇਨਾਮ ਹਾਸਲ ਕੀਤਾ। ਇਸੇ ਤਰ੍ਹਾਂ ਗੁਰਮਤਿ ਗਿਆਨ ਮੁਕਾਬਲਿਆਂ ਵਿੱਚ ਹਰਸਿਮਰਨਜੀਤ ਸਿੰਘ ਪੁੱਤਰ ਚਰਨਜੀਤ ਸਿੰਘ ਸ੍ਰੀ ਚਮਕੌਰ ਸਾਹਿਬ ਨੇ ਪਹਿਲਾਂ, ਰੂਪਰੀਤ ਕੌਰ ਪੁੱਤਰੀ ਮਨਪ੍ਰੀਤ ਕੌਰ ਪਿੰਡ ਰਾਮਗੜ ਮੰਡਾਂ ਨੇ ਦੂਜਾ ਅਤੇ ਪਰਮਵੀਰ ਸਿੰਘ ਪੁੱਤਰ ਦਿਲਬਾਗ ਸਿੰਘ ਪਿੰਡ ਰਾਮਗੜ੍ਹ ਮੰਡਾਂ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਜੇਤੂ ਬੱਚਿਆਂ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ। ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜੇਤੂ ਬੱਚਿਆਂ ਨੂੰ ਇਨਾਮਾਂ ਦੀ ਵੰਡ ਅਮਰੀਕ ਸਿੰਘ ਅਤੇ ਅਮਰੀਕ ਸਿੰਘ ਕਲਕੱਤਾ ਵਾਲਿਆਂ ਨੇ ਕੀਤੀ । ਮੁਕਾਬਲਿਆਂ ਦੌਰਾਨ ਜੱਜ ਦੀ ਭੂਮਿਕਾ ਸਿਮਰਨਪ੍ਰੀਤ ਸਿੰਘ ਕੁਰਾਲੀ ਅਤੇ ਹਰਦੀਪ ਸਿੰਘ ਨੇ ਨਿਭਾਈ। ਇਸ ਮੌਕੇ ਮਾਸਟਰ ਮੋਹਨ ਸਿੰਘ, ਮਨਿੰਦਰ ਸਿੰਘ, ਜਸਕਮਲ ਸਿੰਘ, ਅਜੀਤ ਸਿੰਘ, ਹਰਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।