ਪਟਿਆਲਾ : ਟਰੈਕਟਰ ਅਤੇ ਖੇਤੀਬਾੜੀ ਮਸ਼ੀਨਰੀ ਦੇ ਨਿਰਮਾਣ ਲਈ ਪ੍ਰਸਿੱਧ ਪੰਜਾਬ ਅਧਾਰਿਤ ਫ਼ਰਮ 'ਪ੍ਰੀਤ ਟਰੈਕਟਰਜ਼' ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਇੱਕ ਟਰੈਕਟਰ ਭੇਂਟ ਕੀਤਾ ਗਿਆ ਹੈ। ਫ਼ਰਮ ਦੇ ਪ੍ਰਤੀਨਿਧ ਸ੍ਰ. ਸੁਖਵਿੰਦਰ ਸਿੰਘ, ਸ੍ਰ. ਹਨਦੀਪ ਸਿੰਘ ਤੇ ਸ੍ਰ. ਗੁਰਪ੍ਰੀਤ ਸਿੰਘ, ਜੋ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਹਨ, ਉਹ ਉਚੇਚੇ ਤੌਰ 'ਤੇ ਯੂਨੀਵਰਸਿਟੀ ਕੈਂਪਸ ਪੁੱਜੇ ਅਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੂੰ ਟਰੈਕਟਰ ਦੀਆਂ ਚਾਬੀਆਂ ਸੌਂਪੀਆਂ। ਪੰਜਾਬੀ ਯੂਨੀਵਰਸਿਟੀ ਦੇ ਵਿਕਾਸ ਕਾਰਜਾਂ ਅਤੇ ਕੈਂਪਸ ਦੀ ਸਾਂਭ-ਸੰਭਾਲ ਦੇ ਮਕਸਦ ਨਾਲ 'ਪ੍ਰੀਤ ਟਰੈਕਟਰਜ਼' ਵੱਲੋਂ ਦਿੱਤੇ ਗਏ ਇਸ ਸਹਿਯੋਗ ਲਈ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸੰਸਥਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪ੍ਰੀਤ ਟਰੈਕਟਰਜ਼ ਵਰਗੀ ਨਾਮਵਰ ਫ਼ਰਮ ਵੱਲੋਂ ਦਿੱਤਾ ਗਿਆ ਇਹ ਯੋਗਦਾਨ ਯੂਨੀਵਰਸਿਟੀ ਦੀਆਂ ਖੇਤੀਬਾੜੀ ਅਤੇ ਰੱਖ-ਰਖਾਅ ਸਬੰਧੀ ਗਤੀਵਿਧੀਆਂ ਵਿੱਚ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਆਪਣੀ ਮਾਂ-ਸੰਸਥਾ ਨਾਲ਼ ਇਸ ਤਰ੍ਹਾਂ ਦੀ ਭਾਵਨਾਤਮਕ ਸਾਂਝ ਰਖਦੇ ਹਨ ਅਤੇ ਇਸ ਦੇ ਵਿਕਾਸ ਲਈ ਅੱਗੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰ. ਸੁਖਵਿੰਦਰ ਸਿੰਘ, ਸ੍ਰ. ਹਨਦੀਪ ਸਿੰਘ ਤੇ ਸ੍ਰ. ਗੁਰਪ੍ਰੀਤ ਸਿੰਘ, ਵਰਗੇ ਹੋਣਹਾਰ ਸਾਬਕਾ ਵਿਦਿਆਰਥੀਆਂ ਦਾ ਆਪਣੀ ਸੰਸਥਾ ਪ੍ਰਤੀ ਇਹ ਪਿਆਰ ਅਤੇ ਜ਼ਿੰਮੇਵਾਰੀ ਵਾਲਾ ਰਵੱਈਆ ਹੋਰਨਾਂ ਵਿਦਿਆਰਥੀਆਂ ਲਈ ਇੱਕ ਵੱਡੀ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਹਿਯੋਗ ਸੰਸਥਾ ਦੇ ਸਰਵਪੱਖੀ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੁੰਦੇ ਹਨ। ਸ੍ਰ. ਸੁਖਵਿੰਦਰ ਸਿੰਘ, ਸ੍ਰ. ਹਨਦੀਪ ਸਿੰਘ ਤੇ ਸ੍ਰ. ਗੁਰਪ੍ਰੀਤ ਸਿੰਘ ਨੇ ਇਸ ਮੌਕੇ ਆਪਣੇ ਭਾਵ ਪ੍ਰਗਟਾਉਂਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਰਗੀ ਮਹਾਨ ਸੰਸਥਾ ਦਾ ਹਿੱਸਾ ਹੋਣਾ ਉਨ੍ਹਾਂ ਲਈ ਹਮੇਸ਼ਾ ਹੀ ਫ਼ਖ਼ਰ ਵਾਲੀ ਗੱਲ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਜਿਸ ਮੁਕਾਮ 'ਤੇ ਪਹੁੰਚੇ ਹਨ, ਉਸ ਵਿੱਚ ਇਸ ਯੂਨੀਵਰਸਿਟੀ ਤੋਂ ਮਿਲੀ ਸਿੱਖਿਆ ਅਤੇ ਮਾਰਗਦਰਸ਼ਨ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ 'ਪ੍ਰੀਤ ਟਰੈਕਟਰਜ਼' ਵੱਲੋਂ ਇਹ ਨਿੱਕਾ ਜਿਹਾ ਸਹਿਯੋਗ ਇਸ ਵੱਕਾਰੀ ਸੰਸਥਾ ਪ੍ਰਤੀ ਸ਼ਰਧਾ ਅਤੇ ਸਤਿਕਾਰ ਦਾ ਇੱਕ ਚਿੰਨ੍ਹ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਟਰੈਕਟਰ ਕੈਂਪਸ ਦੇ ਰੱਖ-ਰਖਾਅ ਅਤੇ ਵਿਕਾਸ ਕਾਰਜਾਂ ਵਿੱਚ ਲਾਹੇਵੰਦ ਸਾਬਤ ਹੋਵੇਗਾ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਟਾਫ਼ ਮੈਂਬਰ ਵੀ ਮੌਜੂਦ ਸਨ, ਜਿਨ੍ਹਾਂ ਨੇ ਫ਼ਰਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।