ਬਠਿੰਡਾ /ਰਾਮਪੁਰਾ ਫੂਲ : ਸ਼ਹਿਰ ਦੇ ਵਾਰਡ ਨੰਬਰ 6 ਅਤੇ 7 ਵਿੱਚ ਪਿਛਲੇ ਕਈ ਮਹੀਨਿਆਂ ਤੋਂ ਸੀਵਰੇਜ ਦੀ ਗੰਭੀਰ ਸਮੱਸਿਆ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾਈ ਹੋਈ ਹੈ। ਸੜਕਾਂ ‘ਤੇ ਲਗਾਤਾਰ ਓਵਰਫਲੋ ਹੋ ਰਿਹਾ ਗੰਦਲਾ ਪਾਣੀ ਨਾ ਸਿਰਫ ਗੰਦਗੀ ਫੈਲਾ ਰਿਹਾ ਹੈ, ਸਗੋਂ ਰਾਹਗੀਰਾਂ ਲਈ ਵੱਡਾ ਖਤਰਾ ਵੀ ਬਣ ਚੁੱਕਾ ਹੈ। ਸਥਾਨਕ ਵਸਨੀਕਾਂ ਨੇ ਦੱਸਿਆ ਕਿ ਸੀਵਰੇਜ ਦਾ ਪਾਣੀ ਸੜਕਾਂ ‘ਤੇ ਖੜ੍ਹਾ ਰਹਿਣ ਕਰਕੇ ਕਈ ਛੋਟੇ-ਵੱਡੇ ਹਾਦਸੇ ਵਾਪਰ ਚੁੱਕੇ ਹਨ। ਖਾਸ ਕਰਕੇ ਰਾਤ ਦੇ ਸਮੇਂ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰ ਲੈਂਦੀ ਹੈ, ਜਦੋਂ ਪਾਣੀ ਨਾਲ ਭਰੀ ਸੜਕ ਦਿਖਾਈ ਨਹੀਂ ਦਿੰਦੀ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਬਣ ਜਾਂਦੇ ਹਨ। ਇਸ ਦੇ ਨਾਲ ਹੀ ਇਲਾਕੇ ਵਿੱਚ ਆਵਾਰਾ ਘੁੰਮ ਰਹੇ ਗਉ ਮਾਤਾ ਦੇ ਬੱਛੜੇ ਵੀ ਹਾਦਸਿਆਂ ਦਾ ਇੱਕ ਹੋਰ ਕਾਰਨ ਬਣ ਰਹੇ ਹਨ, ਜਿਸ ਨਾਲ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਟੁੱਟੀਆਂ ਸੜਕਾਂ ਅਤੇ ਗੰਦਲੇ ਪਾਣੀ ਕਾਰਨ ਲੋਕਾਂ ਲਈ ਰੋਜ਼ਾਨਾ ਆਉਣਾ-ਜਾਣਾ ਮੁਸ਼ਕਲ ਹੋ ਗਿਆ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ, ਐਮ.ਐਲ.ਏ ਅਤੇ ਨਗਰ ਕੌਂਸਲ ਕੋਲ ਸ਼ਿਕਾਇਤਾਂ ਕਰ ਚੁੱਕੇ ਹਨ, ਪਰ ਅਜੇ ਤੱਕ ਕੋਈ ਵੀ ਢੁੱਕਵਾਂ ਹੱਲ ਨਹੀਂ ਨਿਕਲਿਆ। ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਪੱਕਾ ਹੱਲ ਕੀਤਾ ਜਾਵੇ, ਤਾਂ ਜੋ ਵਾਰਡ ਨੰਬਰ 6 ਅਤੇ 7 ਦੇ ਨਾਲ-ਨਾਲ ਪੂਰੇ ਰਾਮਪੁਰਾ ਫੂਲ ਦੇ ਲੋਕਾਂ ਨੂੰ ਇਸ ਭਾਰੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।