ਕੋਟਕਪੂਰਾ : ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਚਲਾਈ ਰੀਤ ਨੂੰ ਅਗਾਂਹ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਪੰਕਜ ਕੁਮਾਰ ਗਰਗ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਾਲਜ ਦੇ ਸਮੂਹ ਵਿਦਿਆਰਥੀਆਂ ਵੱਲੋਂ ਅਖੰਡ ਪਾਠ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ, ਜਿਸ ਦਾ ਭੋਗ ਮਿਤੀ 15 ਅਪ੍ਰੈਲ ਪਾਇਆ ਗਿਆ। ਅਖੰਡ ਪਾਠ ਸਾਹਿਬ ਦੌਰਾਨ ਮੈਨੇਜਿੰਗ ਕਮੇਟੀ ਅਤੇ ਸਟਾਫ ਦੀ ਚੜ੍ਹਦੀਕਲਾ ਅਤੇ ਵਿਦਿਆਰਥੀਆਂ ਦੇ ਉਜਵਲੇ ਭਵਿੱਖ ਦੀ ਅਰਦਾਸ ਕੀਤੀ ਗਈ। ਇਸ ਮੌਕੇ ਡਾ. ਮੋਹਣ ਸਿੰਘ ਸੱਗੂ ਨੇ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਸੁਰਿੰਦਰ ਸਿੰਘ ਰੋਮਾਣਾ, ਕੁਲਜੀਤ ਸਿੰਘ ਮੋਂਗੀਆ ਅਤੇ ਬਾਬਾ ਫਰੀਦ ਪਬਲਿਕ ਸਕੂਲ ਦੇ ਪ੍ਰਿੰਸੀਪਲ ਮੈਡਮ ਸੁਖਦੀਪ ਕੌਰ ਅਤੇ ਵਾਇਸ ਪ੍ਰਿੰਸੀਪਲ ਮੈਡਮ ਹਰਸਿਮਰਨ ਕੌਰ ਨੂੰ ਕਾਲਜ ਪਹੁੰਚਣ ਤੇ ਜੀ ਆਇਆਂ ਕਿਹਾ। ਇਸ ਸਮੇਂ ਸੁਰਿੰਦਰ ਸਿੰਘ ਰੋਮਾਣਾ ਨੇ ਸਵ: ਇੰਦਰਜੀਤ ਸਿੰਘ ਖਾਲਸਾ ਜੀ ਦੀਆਂ ਯਾਦਾਂ ਨੂੰ ਯਾਦ ਕਰਦਿਆਂ ਕਿਹਾ ਕਿ ਅੱਜ ਜੋ ਇਹ ਕਾਲਜ ਬੁਲੰਦੀ ਦੇ ਸਿਖਰਾਂ ਦੇ ਪਹੁੰਚਿਆ ਹੈ ਇਹ ਖਾਲਸਾ ਜੀ ਦੇ ਅਣਥੱਕ ਯਤਨਾਂ ਕਰਕੇ ਹੀ ਸੰਭਵ ਹੋਇਆ ਹੈ। ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਸਖਤ ਮਿਹਨਤ ਨਾਲ ਇਸ ਕਾਲਜ ਦਾ ਨਾਮ ਰੌਸ਼ਨ ਕਰਨ ਅਤੇ ਆਪਣੇ ਮਾਤਾ-ਪਿਤਾ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਨ। ਉਹਨਾਂ ਵਿਦਿਆਰਥੀਆਂ ਨੂੰ ਫਰੀਦਕੋਟ ਰਿਆਸਤ ਅਤੇ ਜਿਲੇ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਕਿ ਕਿਸ ਤਰਾਂ ਇਹ ਜਿਲਾ ਸ਼ੁਰੂ ਤੋਂ ਹੀ ਵਿੱਦਿਆ ਦੇ ਖੇਤਰ ਵਿੱਚ ਮੱਲਾਂ ਮਾਰਦਾ ਰਿਹਾ ਹੈ। ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ ਡਾ. ਪੰਕਜ ਕੁਮਾਰ ਗਰਗ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਉਹਨਾਂ ਕਾਲਜ ਦੇ ਵਿਦਿਆਰਥੀਆਂ ਦੁਆਰਾ ਪ੍ਰਾਪਤ ਕੀਤੀਆਂ ਉਪਲਬਧੀਆਂ ਬਾਰੇ ਜਿਕਰ ਕਰਦਿਆਂ ਕਿਹਾ ਕਿ ਇਸ ਸਾਲ ਕਾਲਜ ਦੀਆਂ ਦੋ ਵਿਦਿਆਰਥਣਾਂ ਅਨੁ ਬਾਲਾ ਅਤੇ ਦਾਮਿਨੀ ਨੇ ਯੂਨੀਵਰਸਿਟੀ ਵਿੱਚੋਂ ਡਿਸਟਿੰਕਸ਼ਨ ਨਾਲ ਅੰਕ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਿਲ ਕੀਤਾ ਹੈ। ਉਹਨਾਂ ਦੱਸਿਆਂ ਕਿ ਕਾਲਜ ਵਿੱਚ ਯੂਨੀਵਰਸਿਟੀ ਗੋਲਡ ਮੈਡਲ ਪ੍ਰਾਪਤ ਵਿਦਿਆਰਥੀਆਂ ਦੀ ਸੂਚੀ ਵਿੱਚ ਹੁਣ ਕੁਲ 6 ਵਿਦਿਆਰਥੀ ਹੋ ਚੁੱਕੇ ਹਨ ਅਤੇ ਪਿਛਲੇ ਅਤੇ ਇਸ ਸਾਲ ਦੌਰਾਨ ਲਗਾਤਾਰ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਗੋਲਡ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਕਾਲਜ ਦੀ ਮੈਨੇਜਿੰਗ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਚੇਅਰਮੈਨ ਸਿਮਰਜੀਤ ਸਿੰਘ ਸੇਖੋਂ ਜੀ ਦੀ ਪ੍ਰਧਾਨਗੀ ਹੇਠ ਵਿਦਿਆਰਥੀਆਂ ਨੂੰ ਹਰ ਸੁਵਿਧਾ ਉਪਲਬਧ ਕਰਵਾ ਰਹੀ ਹੈ। ਇਸ ਮੌਕੇ ਵਿਦਿਆਰਥੀਆਂ ਨੇ ਗੁਰਜਾਪ ਸਿੰਘ ਸੇਖੋਂ ਜੀ (ਜਨਰਲ ਸਕੱਤਰ, ਮੈਨੇਜਿੰਗ ਕਮੇਟੀ) ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਹ ਸਾਰਾ ਪ੍ਰੋਗਰਾਮ ਡਾ. ਮੋਹਣ ਸਿੰਘ ਸੱਗੂ (ਅਸੋਸੀਏਟ ਪ੍ਰੋਫੈਸਰ), ਡਾ. ਪਰਮਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਅਤੇ ਮਨਿੰਦਰ ਸਿੰਘ (ਅਸਿਸਟੈਂਟ ਪ੍ਰੋਫੈਸਰ) ਦੀ ਦੇਖ-ਰੇਖ ਹੇਠ ਕੀਤਾ ਗਿਆ। ਇਸ ਮੌਕੇ ਸਮੂਹ ਟੀਚਿੰਗ, ਨਾਨ-ਟੀਚਿੰਗ ਅਤੇ ਸਪੋਰਟਿੰਗ ਸਟਾਫ ਵੀ ਮੌਜੂਦ ਰਹੇ।