ਮੋਗਾ : ਡਾ. ਸ਼ਾਮ ਲਾਲ ਥਾਪਰ ਕਾਲਜ ਆਫ ਨਰਸਿੰਗ ਵਿਖੇ ਬੀ.ਐੱਸ.ਸੀ ਨਰਸਿੰਗ ਦੇ 7ਵੇਂ ਸਮੈੱਸਟਰ ਦੇ ਵਿਦਿਆਰਥੀਆਂ ਵੱਲੋਂ “ਡਿਜਾਸਟਰ ਮੈਨੇਜਮੈਂਟ” ਵਿਸ਼ੇ ‘ਤੇ ਇੱਕ ਜਾਣਕਾਰੀਭਰਪੂਰ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਹ ਵਰਕਸ਼ਾਪ ਅਸਿਸਟੈਂਟ ਪ੍ਰੋਫੈਸਰ ਮੈਡਮ ਸੁਖਦੀਪ ਕੌਰ, ਮੈਡਮ ਸੁਨੇਹਾ ਸ਼ਰਮਾ ਅਤੇ ਕਾਲਜ ਦੀ ਪ੍ਰਿੰਸੀਪਲ ਮੈਡਮ ਸੁਨੀਤਾ ਜੋਸਫ ਦੀ ਨਿਗਰਾਨੀ ਅਤੇ ਸਹਿਯੋਗ ਹੇਠ ਕਰਵਾਈ ਗਈ। ਇਸ ਮੌਕੇ ‘ਤੇ ਕਾਲਜ ਦੀ ਚੇਅਰਪਰਸਨ ਡਾ. ਮਾਲਤੀ ਥਾਪਰ ਅਤੇ ਡਾਇਰੈਕਟਰ ਡਾ. ਪਵਨ ਥਾਪਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਫਤ ਪ੍ਰਬੰਧਨ ਸੰਬੰਧੀ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ। ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤੀ ਆਫਤਾਂ ਦੌਰਾਨ ਪ੍ਰਭਾਵਸ਼ਾਲੀ ਪ੍ਰਬੰਧਨ ਦੇ ਤਰੀਕਿਆਂ ਬਾਰੇ ਜਾਣਕਾਰੀ ਦੇਣਾ ਅਤੇ ਨਰਸਿੰਗ ਪੇਸ਼ੇ ਵਿੱਚ ਜਾਨਾਂ ਬਚਾਉਣ ਦੀ ਅਹਿਮ ਭੂਮਿਕਾ ਨੂੰ ਉਜਾਗਰ ਕਰਨਾ ਸੀ, ਤਾਂ ਜੋ ਘੱਟ ਤੋਂ ਘੱਟ ਜਾਨੀ ਨੁਕਸਾਨ ਹੋ ਸਕੇ। ਇਹ ਵਰਕਸ਼ਾਪ ਸਿੱਖਣਯੋਗ ਅਤੇ ਪ੍ਰਭਾਵਸ਼ਾਲੀ ਸਾਬਤ ਹੋਈ।
ਇਸ ਮੌਕੇ ਡਾ. ਪਵਨ ਥਾਪਰ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਫਤਾਂ ਕੁਦਰਤੀ ਕਾਰਨਾਂ ਨਾਲ ਨਾਲ ਮਨੁੱਖੀ ਗਲਤੀਆਂ ਕਾਰਨ ਵੀ ਪੈਦਾ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਜਦੋਂ ਦੁਨੀਆ ਦਾ ਵੱਡਾ ਹਿੱਸਾ ਸੰਘਰਸ਼ਾਂ ਨਾਲ ਪ੍ਰਭਾਵਿਤ ਹੈ, ਮਨੁੱਖੀ ਜਾਨਾਂ ਦੀ ਰੱਖਿਆ ਕਰਨਾ ਸਭ ਤੋਂ ਵੱਡੀ ਚੁਣੌਤੀ ਬਣ ਚੁੱਕੀ ਹੈ। ਉਨ੍ਹਾਂ ਨੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਸਭ ਨੂੰ ਵਧਾਈ ਦਿੱਤੀ। ਅੰਤ ਵਿੱਚ ਚੇਅਰਪਰਸਨ ਡਾ. ਮਾਲਤੀ ਥਾਪਰ ਨੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਅਤੇ ਸਟਾਫ ਨੂੰ ਸਨਮਾਨਿਤ ਕੀਤਾ।