ਅਜਨਾਲਾ : ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 7 ਵਿੱਚ ਬੋਹੜਾਂ ਨੇੜੇ ਪੀਰਾਂ ਦੀ ਜਗ੍ਹਾ ਕੋਲ ਵੀਰਵਾਰ ਨੂੰ ਇਕ ਭਿਆਨਕ ਅੱਗ ਲੱਗਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਇਹ ਅੱਗ ਕਿਸ਼ਨ ਲਾਲ ਸਹਿਗਲ ਦੇ ਘਰ ਵਿੱਚ ਲੱਗੀ, ਜਦੋਂ ਉਹ ਕਿਸੇ ਕੰਮ ਸਬੰਧੀ ਘਰ ਤੋਂ ਬਾਹਰ ਗਏ ਹੋਏ ਸਨ। ਉਨ੍ਹਾਂ ਦੀ ਗੈਰਹਾਜ਼ਰੀ ਦੌਰਾਨ ਇਹ ਹਾਦਸਾ ਵਾਪਰਿਆ, ਜਿਸ ਕਾਰਨ ਘਰ ਅੰਦਰ ਪਿਆ ਵੱਡਾ ਸਾਮਾਨ ਅੱਗ ਦੀ ਲਪੇਟ ਵਿੱਚ ਆ ਗਿਆ। ਮਿਲੀ ਜਾਣਕਾਰੀ ਅਨੁਸਾਰ ਘਰ ਅੰਦਰ ਬਾਬਾ ਜੀ ਦੀ ਪਵਿੱਤਰ ਜਗ੍ਹਾ ਬਣੀ ਹੋਈ ਸੀ, ਜਿੱਥੇ ਵੀਰਵਾਰ ਹੋਣ ਕਰਕੇ ਧਾਰਮਿਕ ਰਸਮ ਅਨੁਸਾਰ ਚਿਰਾਗ ਜਗਾਏ ਗਏ ਸਨ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਚਿਰਾਗ ਤੋਂ ਹੀ ਅੱਗ ਦੀ ਚਿੰਗਾਰੀ ਭੜਕੀ, ਜਿਸ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰ ਲਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਘਰ ਦੇ ਅੰਦਰ ਖੜੀਆਂ ਦੋ ਗੱਡੀਆਂ, ਹੋਰ ਸਵਾਰੀਆਂ, ਘਰੇਲੂ ਸਾਮਾਨ, ਫਰਨੀਚਰ ਅਤੇ ਕੀਮਤੀ ਵਸਤਾਂ ਸੜ ਕੇ ਸੁਆਹ ਹੋ ਗਈਆਂ। ਅੱਗ ਦੀਆਂ ਲਪਟਾਂ ਅਤੇ ਧੂੰਏਂ ਨੂੰ ਦੇਖ ਕੇ ਨੇੜਲੇ ਲੋਕ ਤੁਰੰਤ ਮੌਕੇ ‘ਤੇ ਇਕੱਠੇ ਹੋਏ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਸੂਚਨਾ ਮਿਲਦੇ ਹੀ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਕਰਮਚਾਰੀਆਂ ਨੇ ਕਾਫ਼ੀ ਜੱਦੋਜਹਿਦ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ, ਨਹੀਂ ਤਾਂ ਅੱਗ ਨੇ ਨੇੜਲੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਣਾ ਸੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਵੀ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ ਹਾਲਾਤਾਂ ਦਾ ਜਾਇਜ਼ਾ ਲਿਆ। ਪੁਲਿਸ ਵੱਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਰੰਭਿਕ ਅੰਦਾਜ਼ੇ ਮੁਤਾਬਕ ਇਸ ਹਾਦਸੇ ਵਿੱਚ ਕਰੀਬ 50 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਅੱਗ ਕਾਰਨ ਘਰ ਦੇ ਨਾਲ ਲੱਗਦੇ ਹਿੱਸਿਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਇਲਾਕਾ ਵਾਸੀਆਂ ਨੇ ਦੱਸਿਆ ਕਿ ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਨਾ ਪਹੁੰਚਦੀ ਤਾਂ ਨੁਕਸਾਨ ਹੋਰ ਵੀ ਵੱਡਾ ਹੋ ਸਕਦਾ ਸੀ। ਇਸ ਘਟਨਾ ਨਾਲ ਪਰਿਵਾਰ ਨੂੰ ਭਾਰੀ ਆਰਥਿਕ ਝਟਕਾ ਲੱਗਿਆ ਹੈ ਅਤੇ ਪੂਰੇ ਇਲਾਕੇ ਵਿੱਚ ਦੁੱਖ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।