ਅੰਮ੍ਰਿਤਸਰ : ਸ਼ਹਿਰ ਵਿੱਚ ਸਫ਼ਾਈ ਅਤੇ ਸਾਲਿਡ ਵੇਸਟ ਮੈਨੇਜਮੈਂਟ ਦੀਆਂ ਗਤੀਵਿਧੀਆਂ ਦੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਅੰਮ੍ਰਿਤਸਰ ਮਿਊਂਸਪਲ ਕਾਰਪੋਰੇਸ਼ਨ ਅਤੇ ਅਰਬਨ ਲੋਕਲ ਬਾਡੀਜ਼ ਵਿੱਚ ਇਨ੍ਹਾਂ ਕੰਮਾਂ ਦੀ ਦੇਖ-ਰੇਖ ਲਈ ਪੇਸਕੋ ਰਾਹੀਂ ਸਾਬਕਾ ਸੈਨਿਕਾਂ ਦੀ ਇੱਕ ਖਾਸ ਟੀਮ ਤੈਨਾਤ ਕੀਤੀ ਗਈ ਹੈ। ਇਸ ਟੀਮ ਦੀ ਅਗਵਾਈ ਸਕੁਆਡਰਨ ਲੀਡਰ ਦਵਿੰਦਰ ਕੌਰ (ਰਿਟਾਇਰਡ), ਡਿਪਟੀ ਜਨਰਲ ਮੈਨੇਜਰ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਅਗਵਾਈ ਹੇਠ ਸਾਬਕਾ ਸੈਨਿਕ ਫੀਲਡ ਵਿੱਚ ਪੂਰੀ ਚੌਕਸੀ ਨਾਲ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਇਹ ਟੀਮ ਸ਼ਹਿਰ ਦੀਆਂ ਸੜਕਾਂ ਦੀ ਸਫ਼ਾਈ, ਕੂੜਾ ਪ੍ਰਬੰਧਨ, ਕੂੜੇ ਦੇ ਢੇਰ, ਟੁੱਟੀਆਂ ਸੜਕਾਂ ਅਤੇ ਸਾਲਿਡ ਵੇਸਟ ਮੈਨੇਜਮੈਂਟ ਨਾਲ ਸੰਬੰਧਿਤ ਹੋਰ ਮਸਲਿਆਂ ਦੀ ਨਿਯਮਿਤ ਨਿਗਰਾਨੀ ਅਤੇ ਰਿਪੋਰਟਿੰਗ ਕਰ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਟੀਮ ਦੇ ਸ਼ਾਨਦਾਰ ਕੰਮ ਨੂੰ ਦੇਖਦਿਆਂ ਪੰਜਾਬ ਸਰਕਾਰ ਅਤੇ ਪੀਐਮਆਈਡੀਸੀ ਵੱਲੋਂ ਸਵੱਛ ਭਾਰਤ ਮਿਸ਼ਨ ਤਹਿਤ ਇੱਕ ਨਵੀਂ ਡਿਜ਼ਿਟਲ ਪਹਿਲ ਸ਼ੁਰੂ ਕੀਤੀ ਗਈ ਹੈ। ਇਸ ਪ੍ਰੋਜੈਕਟ ਦੇ ਤਹਿਤ ਨੈਨਟੈਕ ਕੰਪਨੀ ਵੱਲੋਂ ਸਾਰੇ ਸੁਪਰਵਾਈਜ਼ਰਾਂ ਨੂੰ ਆਧੁਨਿਕ ਏਆਈ ਡਿਵਾਈਸ ਮੁਹੱਈਆ ਕਰਵਾਏ ਗਏ ਹਨ, ਜੋ ਰਿਪੋਰਟਿੰਗ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਬਣਾਉਣਗੇ। ਟੀਮ ਦੇ ਸਾਰੇ ਸੁਪਰਵਾਈਜ਼ਰ ਸਾਬਕਾ ਸੈਨਿਕ ਹਨ, ਜੋ ਦੇਸ਼ ਸੇਵਾ ਦੀ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ। ਨੈਨਟੈਕ ਕੰਪਨੀ ਦੇ ਪ੍ਰਤੀਨਿਧੀ ਮਿਸਟਰ ਦਿਪਿਨ ਨੇ ਸਕੁਆਡਰਨ ਲੀਡਰ ਦਵਿੰਦਰ ਕੌਰ ਡੀ.ਜੀ.ਐਮ. ਦੀ ਅਗਵਾਈ ਵਿੱਚ ਅੰਮ੍ਰਿਤਸਰ ਵਿੱਚ ਇਹ ਏਆਈ ਡਿਵਾਈਸ ਵੰਡੇ। ਇਹ ਡਿਵਾਈਸ ਸੁਪਰਵਾਈਜ਼ਰਾਂ ਦੇ ਡਿਊਟੀ ਦੌਰਾਨ ਵਰਤੇ ਜਾਣ ਵਾਲੇ ਟੂ-ਵ੍ਹੀਲਰ ਵਾਹਨਾਂ ‘ਤੇ ਲਗਾਏ ਗਏ ਹਨ। ਪੀਐਮਆਈਡੀਸੀ ਦੇ ਅਧੀਨ ਕੰਮ ਕਰ ਰਹੀ ਇਹ ਟੀਮ ਹੁਣ ਇਸ ਡਿਜ਼ਿਟਲ ਸਸ਼ਕਤੀਕਰਨ ਨਾਲ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰ ਸਕੇਗੀ। ਇਹ ਤਕਨਾਲੋਜੀ ਜ਼ਮੀਨੀ ਪੱਧਰ ‘ਤੇ ਨਿਗਰਾਨੀ ਨੂੰ ਹੋਰ ਮਜ਼ਬੂਤ ਕਰੇਗੀ। ਪਹਿਲਾਂ ਜਿੱਥੇ ਸੁਪਰਵਾਈਜ਼ਰ ਸ਼ਿਕਾਇਤਾਂ ਦੀਆਂ ਤਸਵੀਰਾਂ ਖਿੱਚ ਕੇ ਮੈਨੂਅਲ ਤੌਰ ‘ਤੇ ਅਪਲੋਡ ਕਰਦੇ ਸਨ, ਹੁਣ ਇਹ ਏਆਈ ਡਿਵਾਈਸ ਆਪਣੇ ਆਪ ਵੀਡੀਓ ਰਿਕਾਰਡ ਕਰਕੇ ਸੰਬੰਧਿਤ ਸ਼ਿਕਾਇਤਾਂ ਨੂੰ ਸਿੱਧਾ ਪ੍ਰਸ਼ਾਸਨ ਤੱਕ ਪਹੁੰਚਾਉਣਗੇ। ਇਸ ਨਵੀਂ ਪ੍ਰਣਾਲੀ ਅਧੀਨ ਸ਼ਹਿਰ ਦੀ ਸਫ਼ਾਈ, ਕੂੜਾ ਪ੍ਰਬੰਧਨ, ਟੁੱਟੀਆਂ ਸੜਕਾਂ, ਸੜਕਾਂ ‘ਤੇ ਪਏ ਮ੍ਰਿਤ ਪਸ਼ੂਆਂ ਅਤੇ ਹੋਰ ਸਮੱਸਿਆਵਾਂ ਬਾਰੇ ਜਾਣਕਾਰੀ ਆਪਣੇ ਆਪ ਪ੍ਰਸ਼ਾਸਨ ਨੂੰ ਮਿਲਦੀ ਰਹੇਗੀ। ਇਸ ਨਾਲ ਨਾ ਸਿਰਫ਼ ਪਾਰਦਰਸ਼ਤਾ ਵਧੇਗੀ, ਸਗੋਂ ਸਮੱਸਿਆਵਾਂ ਦੇ ਹੱਲ ਦੀ ਗਤੀ ਵੀ ਤੇਜ਼ ਹੋਵੇਗੀ। ਇਹ ਪਹਿਲ ਅੰਮ੍ਰਿਤਸਰ ਨੂੰ ਹੋਰ ਸਾਫ਼-ਸੁਥਰਾ ਅਤੇ ਸੁਵਿਧਾਜਨਕ ਸ਼ਹਿਰ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ।