ਅੰਮ੍ਰਿਤਸਰ : ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਨਿਗਮ ਦੇ ਐਡਿਸ਼ਨਲ ਕਮਿਸ਼ਨਰ ਡਾ. ਜੈਇੰਦਿਰ ਸਿੰਘ ਵੱਲੋਂ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫ੍ਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ ਸਹਿਯੋਗ ਨਾਲ ਚੱਲ ਰਹੇ ਪੰਜਾਬ ਮਿਊਨਿਸਿਪਲ ਸਰਵਿਸਿਜ਼ ਇੰਪ੍ਰੂਵਮੈਂਟ ਪ੍ਰੋਜੈਕਟ (ਪਿਮਸਿਪ) ਦੀ ਸਮੀਖਿਆ ਬੈਠਕ ਕੀਤੀ ਗਈ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਈ-ਗਵਰਨੈਂਸ ਨੂੰ ਪ੍ਰੋਤਸਾਹਿਤ ਕਰਨ ਲਈ ਪਿਮਸਿਪ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ। ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ (ਏ.ਬੀ.ਡਬਲਯੂ.ਐੱਸ.ਐੱਸ.) ਵੀ ਇਸੇ ਪ੍ਰੋਜੈਕਟ ਦਾ ਹਿੱਸਾ ਹੈ। ਸਮੀਖਿਆ ਬੈਠਕ ਵਿੱਚ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲਾਰਸਨ ਐਂਡ ਟੂਬਰੋ ਕੰਪਨੀ ਦੇ ਅਧਿਕਾਰੀ ਵੀ ਸ਼ਾਮਲ ਹੋਏ। ਇਸ ਮੌਕੇ ਐਡਿਸ਼ਨਲ ਕਮਿਸ਼ਨਰ ਨੂੰ ਜਾਣਕਾਰੀ ਦਿੱਤੀ ਗਈ ਕਿ ਨਿਗਮ ਦੇ ਪੁਰਾਣੇ ਰਿਕਾਰਡ ਨੂੰ ਡਿਜ਼ੀਟਲ ਕਰਨ ਲਈ ਕੰਮ ਅਗਲੇ ਹਫ਼ਤੇ ਤੋਂ ਸ਼ੁਰੂ ਹੋ ਜਾਵੇਗਾ, ਜਿਸ ਅਧੀਨ ਲਗਭਗ 85 ਲੱਖ ਪੰਨਿਆਂ ਨੂੰ ਅਗਲੇ 9 ਮਹੀਨਿਆਂ ਵਿੱਚ ਸਕੈਨ ਕਰਕੇ ਡਿਜ਼ੀਟਲ ਰੂਪ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਿਗਮ ਦੇ ਪੁਰਾਣੇ ਰਿਕਾਰਡ ਦੇ ਸਹੀ ਸੰਭਾਲ ਲਈ ਕੰਪੈਕਟਰ ਲਗਾਉਣ ਦਾ ਕੰਮ ਵੀ ਅਗਲੇ ਮਹੀਨੇ ਤੱਕ ਪੂਰਾ ਕਰ ਲਿਆ ਜਾਵੇਗਾ। ਜੀ.ਆਈ.ਐੱਸ. ਸਰਵੇ ਦੀ ਪ੍ਰਗਤੀ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ 21 ਪ੍ਰਤੀਸ਼ਤ ਪ੍ਰਾਪਰਟੀਜ਼ ਦੇ ਸਰਵੇ ਦਾ ਕੰਮ ਪੂਰਾ ਹੋ ਚੁੱਕਾ ਹੈ। ਸਰਵੇ ਦੀ ਧੀਮੀ ਗਤੀ ਨੂੰ ਦੇਖਦੇ ਹੋਏ ਐਡਿਸ਼ਨਲ ਕਮਿਸ਼ਨਰ ਨੇ ਕੰਪਨੀ ਨੂੰ ਸਰਵੇ ਟੀਮ ਦੇ ਮੈਂਬਰਾਂ ਦੀ ਗਿਣਤੀ ਵਧਾਉਣ ਦੇ ਹੁਕਮ ਦਿੱਤੇ। ਉਨ੍ਹਾਂ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਜੀ.ਆਈ.ਐੱਸ. ਸਰਵੇ ਟੀਮਾਂ ਦਾ ਸਹਿਯੋਗ ਕਰਨ ਅਤੇ ਆਪਣੀ ਪ੍ਰਾਪਰਟੀ ਸੰਬੰਧੀ ਸਹੀ ਜਾਣਕਾਰੀ ਪ੍ਰਦਾਨ ਕਰਨ। ਇਸ ਦੌਰਾਨ ਲਾਰਸਨ ਐਂਡ ਟੂਬਰੋ ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਏ.ਬੀ.ਡਬਲਯੂ.ਐੱਸ.ਐੱਸ. ਪ੍ਰੋਜੈਕਟ ਅਧੀਨ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਇਸ ਸਮੇਂ ਲਗਭਗ 850 ਮਜ਼ਦੂਰ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਪ੍ਰੋਜੈਕਟ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਐਡਿਸ਼ਨਲ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕੰਪਨੀ ਦੇ ਕੰਮ ਦੀ ਸਖ਼ਤ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕੰਮ ਦੀ ਗਤੀ ਹੋਰ ਵਧਾਈ ਜਾ ਸਕੇ ਅਤੇ ਕੰਪਨੀ ਨੂੰ ਮਜ਼ਦੂਰਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰਨ ਲਈ ਵੀ ਕਿਹਾ। ਇਸ ਮੌਕੇ ਐਸ.ਈ. ਪ੍ਰੋਜੈਕਟ ਡਾ. ਜਿਤਿਨ ਵਾਸੁਦੇਵਾ, ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਣੀ (ਰਿਟਾਇਰਡ ਚੀਫ਼ ਇੰਜੀਨੀਅਰ), ਐਕਸਈਐਨ ਸੁਨੀਲ ਮਹਾਜਨ, ਨਰਿੰਦਰਪਾਲ ਸਿੰਘ, ਜਿਤੇਂਦਰ ਵਾਂਸਿਲ, ਗੀਰਿਰਾਜ ਸਿੰਘ ਹਾਡਾ, ਮਨੀ ਸ਼ਰਮਾ, ਅਸ਼ਵਨੀ ਕੁਮਾਰ ਅਤੇ ਲਾਰਸਨ ਐਂਡ ਟੂਬਰੋ ਵੱਲੋਂ ਸੰਜੇ ਕੁਮਾਰ, ਅਨੀਲ ਕੁਮਾਰ ਵਿੰਧ ਆਦਿ ਵੀ ਮੌਜੂਦ ਸਨ।