ਕੋਟਕਪੂਰਾ : ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਵੱਲੋਂ ਅੱਜ ਸਥਾਨਕ ਦਾਣਾ ਮੰਡੀ ਫਰੀਦਕੋਟ ਵਿਖੇ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਮਹੱਤਵਪੂਰਨ ਦਿਨ ਹੈ, ਕਿਉਂਕਿ ਛੇ ਮਹੀਨੇ ਦੀ ਕਠਿਨ ਮਿਹਨਤ ਤੋਂ ਬਾਅਦ ਉਹ ਆਪਣੀ ਫਸਲ ਮੰਡੀ ਵਿੱਚ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨਾਂ ਮੌਸਮ ਦੇ ਪ੍ਰਭਾਵ ਕਾਰਨ ਖਰੀਦ ਸੀਜ਼ਨ ਕੁਝ ਦੇਰ ਨਾਲ ਸ਼ੁਰੂ ਹੋਇਆ ਹੈ ਪਰ ਫਿਰ ਵੀ ਇਸ ਵਾਰ ਕਣਕ ਦੀ ਫਸਲ ਚੰਗੀ ਹੋਈ ਹੈ। ਵਿਧਾਇਕ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਸੁਚਾਰੂ ਖਰੀਦ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਕਿਸਾਨਾਂ ਦਾ ਹਰ ਇਕ ਦਾਣਾ ਖਰੀਦਣ ਲਈ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਮੀਂਹ ਕਾਰਨ ਆਈ ਨਮੀ ਦੀ ਸਮੱਸਿਆ ਹੁਣ ਕਾਫੀ ਹੱਦ ਤੱਕ ਦੂਰ ਹੋ ਚੁੱਕੀ ਹੈ ਅਤੇ ਖਰੀਦ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਉਨ੍ਹਾਂ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ, ਤਾਂ ਜੋ ਖਰੀਦ ਦੌਰਾਨ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਮੀਂਹ ਜਾਂ ਗੜੇਮਾਰੀ ਕਾਰਨ ਨੁਕਸਾਨ ਹੋਇਆ ਹੈ, ਉੱਥੇ ਸਰਕਾਰ ਵੱਲੋਂ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾ ਰਹੀ ਹੈ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ। ਵਿਧਾਇਕ ਸੇਖੋਂ ਨੇ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਟੀਮਾਂ ਵੱਲੋਂ ਵੀ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਰਾਜ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਤਾਂ ਜੋ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਅਮਨਦੀਪ ਸਿੰਘ ਬਾਬਾ ਚੈਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਜਿਲ੍ਹਾ ਫੂਡ ਸਪਲਾਈ ਕੰਟਰੋਲਰ ਗੁਰਜੀਤ ਸਿੰਘ, ਮਨਤੇਜ ਸਿੰਘ ਮੰਡੀ ਸੁਪਰਵਾਈਜਰ, ਵਰਿੰਦਰ ਸਿੰਘ ਸੈਕਟਰੀ ਮਾਰਕਿਟ ਕਮੇਟੀ, ਬੰਟੀ ਗਰਗ, ਰੁਗੀ ਭੁੱਲਰ, ਬੱਬੂ ਅਹੁਜਾ, ਕੇਵਲ ਸਿੰਘ, ਮੁਕੇਸ਼ ਬਾਂਸਲ, ਹਰੀ ਓਮ, ਸਾਹਿਲ ਢੀਂਗਰਾ, ਵਿਕਰਮ ਛਾਬੜਾ, ਲਖਵੀਰ ਸਿੰਘ ਸਰਪੰਚ, ਗਰੀਸ਼ ਛਾਬੜਾ, ਭੇਜਾ ਢਿੱਲੋਂ, ਪਿਓਸ਼ ਬਾਂਸਲ, ਵਰਿੰਦਰ ਕੁਮਾਰ ਬਿੱਦਰੀ ਰਾਜ ਮਚਾਕੀ, ਪਰਮੋਦ ਬਾਂਸਲ, ਮਹਿੰਦਰ ਕੁਮਾਰ ਬਾਂਸਲ, ਅਸ਼ਵਨੀ ਗਾਂਧੀ, ਵਿਕਾਸ ਗਰਗ, ਸੁਧੀਰ ਛਾਬੜਾ, ਓਮ ਪ੍ਰਕਾਸ਼ ਮਿੱਤਲ, ਪੰਕਜ ਬਾਂਸਲ, ਆਸ਼ੂ ਅਗਰਵਾਲ, ਕ੍ਰਿਸ਼ਨ ਕੁਮਾਰ, ਮੋਨੂ ਜੈਨ, ਆਸ਼ੀਸ਼ ਗੋਇਲ ਰਣਜੀਤ ਸਿੰਘ ਤੋਂ ਇਲਾਵਾ ਸਮੂਹ ਆੜ੍ਹਤੀ ਐਸੋਸੀਏਸ਼ਨ ਤੇ ਕਿਸਾਨ ਹਾਜ਼ਰ ਸਨ।