ਸਪੀਕਰ ਸੰਧਵਾਂ ਨੇ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ
April 15, 2026 08:41 PM

Rozana Sehaj times
ਕੋਟਕਪੂਰਾ : ਕੁਲਤਾਰ ਸਿੰਘ ਸੰਧਵਾਂ ਨੇ ਕਣਕ ਦੀ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਕਿਸਾਨਾਂ ਨੂੰ ਲਾਜ਼ਮੀ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਇਸਦੇ ਨਾਲ ਹੀ ਉਨ੍ਹਾਂ ਨੇ ਪਿੰਡ ਸੰਧਵਾਂ ਅਤੇ ਕੋਠੇ ਗੱਜਣ ਸਿੰਘ ਵਿਖੇ ਅੱਗ ਕਾਰਨ ਨੁਕਸਾਨੀ ਫ਼ਸਲ ਦੀ ਰਿਪੋਰਟ ਤੁਰਤ ਭੇਜਣ ਲਈ ਜਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਸਪੀਕਰ ਸੰਧਵਾਂ ਨੇ ਪਿੰਡ ਸੰਧਵਾਂ ਅਤੇ ਕੋਠੇ ਗੱਜਣ ਸਿੰਘ ਵਿਖੇ ਅੱਗ ਲੱਗਣ ਕਾਰਨ ਕਣਕ ਦੀ ਫ਼ਸਲ ਤਬਾਹ ਹੋਣ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਸ.ਡੀ.ਐਮ. ਕੋਟਕਪੂਰਾ ਨੂੰ ਨੁਕਸਾਨ ਦੀ ਤੁਰਤ ਰਿਪੋਰਟ ਭੇਜਣ ਅਤੇ ਮੁਆਵਜ਼ਾ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਦੇ ਨਿਰਦੇਸ਼ਾਂ ਉਪਰੰਤ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਅਤੇ ਸਬੰਧਤ ਪਟਵਾਰੀਆਂ ਵੱਲੋਂ ਮੌਕੇ ’ਤੇ ਜਾ ਕੇ ਨੁਕਸਾਨ ਦੀ ਵਿਸਤ੍ਰਿਤ ਰਿਪੋਰਟ ਤਿਆਰ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਿੰਡ ਸੰਧਵਾਂ ਵਿਖੇ ਲਗਭਗ 8 ਏਕੜ ਅਤੇ ਕੋਠੇ ਗੱਜਣ ਸਿੰਘ ਵਿਖੇ ਕਰੀਬ 10 ਏਕੜ ਕਣਕ ਦੀ ਫ਼ਸਲ ਅੱਗ ਕਾਰਨ ਨੁਕਸਾਨੀ ਗਈ ਹੈ। ਸਪੀਕਰ ਸੰਧਵਾਂ ਨੇ ਅਪੀਲ ਕਰਦਿਆਂ ਕਿਹਾ ਕਿ ਜਦੋਂ ਤੱਕ ਕਣਕ ਦੀ ਕਟਾਈ ਪੂਰੀ ਨਹੀਂ ਹੁੰਦੀ, ਇਹ ਸਮਾਂ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਇਸ ਲਈ ਕਿਸਾਨਾਂ ਨੂੰ ਖੇਤਾਂ ਵਿੱਚ ਪੂਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਟਰਾਂਸਫਾਰਮਰਾਂ ਦੇ ਨੇੜੇ ਵਾਲੀ ਫ਼ਸਲ ਪਹਿਲਾਂ ਕੱਟ ਲਈ ਜਾਵੇ ਅਤੇ ਬਿਨਾਂ ਲੋੜ ਦੇ ਬਿਜਲੀ ਸਵਿੱਚ ਬੰਦ ਰੱਖਿਆ ਜਾਵੇ। ਖੇਤਾਂ ਵਿੱਚ ਪਾਣੀ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਅਤੇ ਅੱਗ ਬੁਝਾਉਣ ਲਈ ਟੈਂਕੀਆਂ, ਪਾਈਪਾਂ ਅਤੇ ਸਪਰੇਅ ਪੰਪ ਤਿਆਰ ਰੱਖੇ ਜਾਣ। ਮਜ਼ਦੂਰਾਂ ਨੂੰ ਬੀੜੀ-ਸਿਗਰਟ ਜਾਂ ਅੱਗ ਦੀ ਵਰਤੋਂ ਸਮੇਂ ਸਾਵਧਾਨ ਰਹਿਣ ਲਈ ਜਾਗਰੂਕ ਕੀਤਾ ਜਾਵੇ ਅਤੇ ਪਿੰਡ ਪੱਧਰ ’ਤੇ ਨੌਜਵਾਨਾਂ ਦੀ ਟੀਮ ਤਿਆਰ ਰੱਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਰੂਰੀ ਸੰਪਰਕ ਨੰਬਰ ਹਰ ਸਮੇਂ ਕੋਲ ਰੱਖੇ ਜਾਣ ਅਤੇ ਨਸ਼ਿਆਂ ਤੋਂ ਦੂਰ ਰਹਿ ਕੇ ਚੌਕਸੀ ਬਰਕਰਾਰ ਰੱਖੀ ਜਾਵੇ, ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇ ਇਹਨਾਂ ਸਾਵਧਾਨੀਆਂ ਨੂੰ ਅਪਣਾਇਆ ਜਾਵੇ ਤਾਂ ਅੱਗ ਵਰਗੀਆਂ ਘਟਨਾਵਾਂ ਤੋਂ ਕਣਕ ਦੀ ਫ਼ਸਲ ਨੂੰ ਵੱਡੇ ਪੱਧਰ ’ਤੇ ਬਚਾਇਆ ਜਾ ਸਕਦਾ ਹੈ।
Have something to say? Post your comment