ਅੰਮ੍ਰਿਤਸਰ : ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਜੀ.) ਪੰਜਾਬ ਸ੍ਰ. ਜਗਦੀਸ਼ ਸਿੰਘ ਵੱਲੋਂ ਆਪਣੀ ਟੀਮ ਡਾ. ਬਖਸ਼ੀਸ਼ ਸਿੰਘ ਖੇਤੀਬਾੜੀ ਅਫਸਰ, ਸ਼੍ਰੀ ਕੇਤਨ ਏ.ਡੀ.ਓ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਖੇਤੀ ਅਧਿਕਾਰੀਆਂ ਸਹਿਤ ਜ਼ਿਲ੍ਹਾ ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਡਾਇੰਗ ਅਤੇ ਪਲਾਈਵੁੱਡ ਇੰਡਸਟਰੀ ਵਿਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਸਬੰਧੀ ਚੈਕਿੰਗ ਕੀਤੀ ਗਈ। ਉਹਨਾਂ ਦੱਸਿਆ ਕਿ ਪੰਜਾਬ ਵਿਚ ਲਗਾਤਾਰ ਯੂਰੀਆ ਖਾਦ ਦੀ ਵਰਤੋਂ ਵੱਧ ਰਹੀ ਹੈ ਅਤੇ ਅਤੇ ਵੇਖਣ ਵਿਚ ਆਇਆ ਹੈ ਕਿ ਸਬਸਿਡੀ ਵਾਲੀ ਯੂਰੀਆ ਖਾਦ ਦੀ ਵਰਤੋਂ ਉਦਯੋਗ ਇੰਡਸਟਰੀ ਵਿਚ ਸੰਭਵ ਹੈ, ਜੋ ਕਿ ਗੈਰ ਕਾਨੂੰਨੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇੰਡਸਟਰੀਆਂ ਵਿਚ ਯੂਰੀਆ ਖਾਦ ਦੀ ਵਰਤੋਂ ਨੂੰ ਰੋਕਣ ਸਬੰਧੀ ਪੂਰੇ ਪੰਜਾਬ ਵਿਚ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਇਸੇ ਲੜੀ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਚੈਕਿੰਗ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫ਼ਸਰ, ਅੰਮ੍ਰਿਤਸਰ ਡਾ. ਗੁਰਸਾਹਿਬ ਸਿੰਘ ਨੇ ਸਮੂਹ ਖ਼ਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੀ.ਓ.ਐਸ ਮਸ਼ੀਨਾਂ ਵਿਚੋਂ ਵਿਕਰੀ ਹੋਇਆ ਸਟਾਕ ਕਲੀਅਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਲੋੜ ਅਨੁਸਾਰ ਹੀ ਖ਼ਾਦ ਦਿੱਤੀ ਜਾਵੇ ਅਤੇ ਫਾਲਤੂ ਖ਼ਾਦ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ। ਜੇਕਰ ਕੋਈ ਵੀ ਖ਼ਾਦ ਵਿਕਰੇਤਾ ਯੂਰੀਆ ਖਾਦ ਇੰਡਸਟਰੀਆਂ ਨੂੰ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੰਯੁਕਤ ਡਾਇਰੈਕਟਰ ਡਾ. ਜਗਦੀਸ਼ ਸਿੰਘ ਵੱਲੋਂ ਸਮੂਹ ਬਲਾਕ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸਮੂਹ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕਿਸੇ ਇੰਡਸਟਰੀ ਵਿਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਹੁੰਦੀ ਪਾਈ ਜਾਂਦੀ ਹੈ ਤਾਂ ਉਸ ਇੰਡਸਟਰੀ 'ਤੇ ਖਾਦ ਕੰਟਰੋਲ ਆਰਡਰ 1985 ਅਤੇ ਜ਼ਰੂਰੀ ਵਸਤਾਂ ਐਕਟ 1955 ਤਹਿਤ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ।